ਲੱਕੜੀ ਦੇ ਕੈਪਸਲੂ 'ਚ ਸਵਾਰ ਹੋ 4500 ਕਿ. ਮੀ. ਲੰਬਾ ਸਫਰ ਤੈਅ ਕਰੇਗਾ 71 ਸਾਲਾ ਬਜ਼ੁਰਗ

12/31/2018 3:13:07 AM

ਪੈਰਿਸ — ਫਰਾਂਸ ਦੇ ਇਤਿਹਾਸ 'ਚ ਇਕ ਨਵਾਂ ਅਧਿਆਏ ਜੁੜਣ ਵਾਲਾ ਹੈ। ਇਥੋਂ ਦੇ 71 ਸਾਲਾਂ ਜਿਆਂ ਯਾਕ ਸੇਵਿਨ ਸਿਰਫ 6 ਵਰਗ ਮੀਟਰ ਦੇ ਬੈਰਲ (ਕੈਪਸੂਲ) 'ਚ ਸਵਾਰ ਹੋ ਕੇ ਐਟਲਾਂਟਿਕ ਮਹਾਸਾਗਰ ਪਾਰ ਕਰਨ ਦੇ ਮਿਸ਼ਨ 'ਤੇ ਨਿਕਲ ਚੁੱਕੇ ਹਨ। ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਇਹ ਬੈਰਲ ਪਲਾਈਵੁੱਡ ਨਾਲ ਬਣਾਈ ਗਈ ਹੈ।

ਜਿਆਂ ਯਾਕ ਨੂੰ ਉਮੀਦ ਹੈ ਕਿ 4500 ਕਿ. ਮੀ. ਦੇ ਲੰਬੇ ਅਤੇ ਰੋਮਾਂਚਕ ਸਫਰ ਨੂੰ ਪੂਰਾ ਕਰਨ 'ਚ ਕਰੀਬ 3 ਮਹੀਨੇ ਦਾ ਸਮਾਂ ਲੱਗ ਜਾਵੇਗਾ। ਜਿਸ ਤੋਂ ਬਾਅਦ ਉਹ ਐਟਲਾਂਟਿਕ ਮਹਾਸਾਗਰ ਨੂੰ ਪਾਰ ਕਰ ਕੈਰੇਬੀਅਨ ਆਈਲੈਂਡ ਪਹੁੰਚ ਜਾਣਗੇ। ਜਿਆਂ ਨੇ ਦੱਸਿਆ ਕਿ ਬੈਰਲ 'ਚ ਸਮੁੰਦਰੀ ਜਲ ਧਰਾਵਾਂ ਉਨ੍ਹਾਂ ਦੀ ਮਦਦ ਕਰਨਗੀਆਂ। ਦੱਸ ਦਈਏ ਕਿ ਫਰਾਂਸ ਦੇ ਜਿਆਂ ਯਾਕ ਸੇਵਿਨ ਪੈਰਾਟਰੂਪਰ ਅਤੇ ਪਾਇਲਟ ਦੇ ਰਹਿ ਚੁੱਕੇ ਹਨ। ਇਸ ਤੋਂ ਇਲਾਵਾ ਉਹ ਅਫਰੀਕਾ 'ਚ ਸਥਿਤ ਇਕ ਨੈਸ਼ਨਲ ਪਾਰਕ 'ਚ ਰੇਂਜਰ ਵੀ ਰਹੇ ਹਨ।


ਇਸ ਰੋਮਾਂਚਕ ਅਤੇ ਇਤਿਹਾਸਕ ਯਾਤਰਾ 'ਤੇ ਨਿਕਲਣ ਲਈ ਜਿਆਂ ਇਸ ਹਫਤੇ ਸਪੇਨ ਦੇ ਕਨਾਪੀ ਟਾਪੂ ਦੇ ਅਲ ਹਿਏਰੋ ਤੋਂ ਰਵਾਨਾ ਹੋਏ। ਦੱਸ ਦਈਏ ਕਿ ਉਨ੍ਹਾਂ ਦੇ ਬੈਰਲ 'ਚ ਸਲੀਪਿੰਗ ਬੰਕ ਦੇ ਨਾਲ ਇਕ ਛੋਟਾ ਅਤੇ ਸ਼ਾਨਦਾਰ ਕਿਚਨ ਵੀ ਹੈ। ਇੰਨਾ ਹੀ ਨਹੀਂ ਉਨ੍ਹਾਂ ਦੇ ਬੈਰਲ 'ਚ ਇਕ ਜ਼ਬਰਦਸਤ ਸਟੋਰ ਰੂਮ ਵੀ ਮੌਜੂਦ ਹੈ।

ਜਿਆਂ ਲਗਾਤਾਰ ਫੇਸਬੁੱਕ 'ਤੇ ਆਪਣੀ ਇਸ ਰੋਮਾਂਚਕ ਯਾਤਰਾ ਦੀ ਅਪਡੇਟਸ ਵੀ ਦੇ ਰਹੇ ਹਨ। ਉਨ੍ਹਾਂ ਨੇ ਆਖਰੀ ਅਪਡੇਟ 'ਚ ਲਿੱਖਿਆ, 'ਬੈਰਲ ਅਜੇ ਤੱਕ ਠੀਕ ਹੈ।' ਸੇਵਿਨ ਨੇ ਫੋਨ 'ਤੇ ਇਕ ਅਖਬਾਰ ਏਜੰਸੀ ਨਾਲ ਗੱਲਬਾਤ ਕੀਤੀ। ਉਨ੍ਹਾਂ ਆਖਿਆ ਕਿ ਫਿਲਹਾਲ ਉਹ 2 ਜਾਂ 3 ਕਿ. ਮੀ. ਪ੍ਰਤੀ ਘੰਟੇ ਦੀ ਰਫਤਾਰ ਨਾਲ ਅੱਗੇ ਵਧ ਰਹੇ ਹਨ। ਸੇਵਿਨ ਨੇ ਦੱਸਿਆ ਕਿ ਸੋਮਵਾਰ ਤੱਕ ਅੱਗੇ ਵੱਧਣ 'ਚ ਹਵਾ ਉਨ੍ਹਾਂ ਦੀ ਪੂਰੀ ਮਦਦ ਕਰੇਗੀ।