ਈਰਾਨ-ਇਰਾਕ ਸਰਹੱਦ ''ਤੇ ਆਏ ਭੂਚਾਲ ਨੇ ਮਚਾਈ ਤਬਾਹੀ, ਮਰਨ ਵਾਲਿਆਂ ਦੀ ਗਿਣਤੀ ਹੋਈ 450 (ਤਸਵੀਰਾਂ)

11/15/2017 12:12:28 PM

ਅੰਕਾਰਾ(ਭਾਸ਼ਾ)— ਈਰਾਨ ਵਿਚ ਆਏ ਭਿਆਨਕ ਭੂਚਾਲ ਵਿਚ 450 ਲੋਕਾਂ ਦੀ ਮੌਤ ਹੋ ਗਈ ਹੈ ਅਤੇ ਹਜ਼ਾਰਾਂ ਲੋਕ ਜ਼ਖਮੀ ਹੋ ਗਏ ਹਨ। ਭੂਚਾਲ ਪ੍ਰਭਾਵਿਤ ਇਲਾਕਿਆਂ ਵਿਚ ਰਾਹਤ ਬਚਾਅ ਦਾ ਕੰਮ ਪੂਰਾ ਹੋ ਗਿਆ ਹੈ। ਐਮਰਜੈਂਸੀ ਮੈਡੀਕਲ ਸੇਵਾ ਦੇ ਮੁਖੀ ਪੀਰ ਹੁਸੈਨ ਕੋਲਿਵੰਦ ਨੇ ਈਰਾਨ ਦੇ ਸਰਕਾਰੀ ਟੈਲੀਵਿਜ਼ਨ ਨੂੰ ਦੱਸਿਆ ਕਿ ਪੱਛਮੀ ਸੂਬੇ ਕਰਮਨਸ਼ਾਨ ਵਿਚ ਰਾਹਤ ਅਭਿਆਨ ਖਤਮ ਹੋ ਗਿਆ ਹੈ। ਇਰਾਨ ਦੇ ਸਰਕਾਰੀ ਟੈਲੀਵਿਜ਼ਨ ਮੁਤਾਬਕ ਹਜ਼ਾਰਾਂ ਲੋਕਾਂ ਨੂੰ ਰਾਹਤ ਕੈਂਪਾਂ ਵਿਚ ਰੱਖਿਆ ਗਿਆ ਹੈ, ਜਦੋਂ ਕਿ ਵੱਡੀ ਗਿਣਤੀ ਵਿਚ ਲੋਕ ਖੁੱਲ੍ਹੇ ਆਸਮਾਨ ਹੇਠਾਂ ਹਨ।
ਉਨ੍ਹਾਂ ਕਿਹਾ ਕਿ ਐਤਵਾਰ ਨੂੰ ਆਏ 7.3 ਤੀਬਰਤਾ ਦੇ ਭੂਚਾਲ ਤੋਂ ਬਾਅਦ ਕਰੀਬ 193 ਝਟਕੇ ਮਹਿਸੂਸ ਕੀਤੇ ਗਏ ਹਨ। ਭੂਚਾਲ ਨਾਲ ਈਰਾਨ ਦੇ 14 ਸੂਬੇ ਪ੍ਰਭਾਵਿਤ ਹੋਏ ਹਨ। ਸਭ ਤੋਂ ਜ਼ਿਆਦਾ ਪ੍ਰਭਾਵਿਤ ਸ਼ਹਿਰ ਸਾਰਪੋਲ-ਏ-ਜੇਹਾਬ ਦੀ ਇਕ ਔਰਤ ਨੇ ਕਿਹਾ ਕਿ ਟੈਂਟ ਦੀ ਘਾਟ ਕਾਰਨ ਉਨ੍ਹਾਂ ਦੇ ਪਰਿਵਾਰ ਨੂੰ ਖੁੱਲ੍ਹੇ ਆਸਮਾਨ ਹੇਠਾਂ ਰਾਤ ਕੱਟਣੀ ਪਈ ਹੈ। ਮਹਿਲਾ ਨੇ ਕਿਹਾ 'ਰਾਤ ਨੂੰ ਬਹੁਤ ਠੰਡ ਹੈ, ਸਾਨੂੰ ਮਦਦ ਦੀ ਲੋੜ ਹੈ। ਸਾਨੂੰ ਹਰ ਚੀਜ਼ ਦੀ ਜ਼ਰੂਰਤ ਹੈ। ਪ੍ਰਸ਼ਾਸਨ ਨੂੰ ਮਦਦ ਤੇਜ਼ ਕਰਨੀ ਚਾਹੀਦੀ ਹੈ।' ਈਰਾਨ ਦੇ ਰਾਸ਼ਟਰਪਤੀ ਹਸਨ ਰੂਹਾਨੀ ਮੰਗਲਵਾਰ ਨੂੰ ਭੂਚਾਲ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਨਗੇ।