ਲੀਬੀਆ ''ਚ ਕਤਲੇਆਮ ਦੇ 45 ਦੋਸ਼ੀਆਂ ਨੂੰ ਮੌਤ ਦੀ ਸਜ਼ਾ

08/17/2018 8:55:25 AM

ਤ੍ਰਿਪੋਲੀ— ਲੀਬੀਆ ਦੀ ਇਕ ਅਦਾਲਤ ਨੇ ਸਾਲ 2011 'ਚ ਬਗਾਵਤ ਵੇਲੇ ਰਾਜਧਾਨੀ ਤ੍ਰਿਪੋਲੀ 'ਚ ਕਤਲੇਆਮ ਕਰਨ ਵਾਲੇ 45 ਦੋਸ਼ੀਆਂ ਨੂੰ ਮੌਤ ਦੀ ਸਜ਼ਾ ਸੁਣਾਈ ਹੈ। ਲੀਬੀਆ ਦੇ ਨਿਆਂ ਮੰਤਰਾਲਾ ਨੇ ਬੁੱਧਵਾਰ ਨੂੰ ਬਿਆਨ ਜਾਰੀ ਕਰ ਕੇ ਇਹ ਜਾਣਕਾਰੀ ਦਿੱਤੀ। ਨਿਆਂ ਮੰਤਰਾਲਾ ਦੇ ਇਕ ਅਧਿਕਾਰੀ ਨੇ ਕਿਹਾ ਕਿ ਇਹ ਮਾਮਲਾ ਲੀਬੀਆ ਦੇ ਤਾਨਾਸ਼ਾਹ ਮੁਅੱਮਰ ਗੱਦਾਫੀ ਨੂੰ ਸੱਤਾ ਤੋਂ ਹਟਾਉਣ ਅਤੇ ਰਾਜਧਾਨੀ ਤ੍ਰਿਪੋਲੀ 'ਚੋਂ ਬਾਹਰ ਕੱਢੇ ਜਾਣ ਮਗਰੋਂ ਉਨ੍ਹਾਂ ਦੀ ਵਫਾਦਾਰ ਫੌਜ ਵਲੋਂ ਕੀਤੀਆਂ ਗਈਆਂ ਹੱਤਿਆਵਾਂ ਨਾਲ ਜੁੜਿਆ ਹੈ। ਘੱਟੋ-ਘੱਟ 20 ਵਿਅਕਤੀਆਂ ਦੀ ਹੱਤਿਆ ਦੇ ਮਾਮਲੇ 'ਚ 45 ਵਿਅਕਤੀਆਂ ਨੂੰ ਮੌਤ ਦੀ ਸਜ਼ਾ ਦੇ ਇਲਾਵਾ 54 ਨੂੰ 5 ਸਾਲ ਦੀ ਕੈਦ ਜਦਕਿ 22 ਨੂੰ ਬਰੀ ਕਰ ਦਿੱਤਾ ਗਿਆ ਹੈ।