ਈਰਾਨੀ ਅਤੇ ਬ੍ਰਿਟਿਸ਼ ਟੈਂਕਰਾਂ ਤੋਂ ਫੜੇ ਗਏ ਸਾਰੇ 42 ਭਾਰਤੀ ਕਰੂ ਮੈਂਬਰ ਸੁਰੱਖਿਅਤ : ਵਿਦੇਸ਼ ਮੰਤਰਾਲਾ

07/23/2019 3:31:59 PM

ਲੰਡਨ (ਏਜੰਸੀ)- ਜਿਬ੍ਰਾਲਟਰ ਦੇ ਜਲਡਮਰੂਮੱਧ ਵਿਚ ਬ੍ਰਿਟਿਸ਼ ਨੇਵੀ ਵਲੋਂ ਜ਼ਬਤ ਕੀਤੇ ਗਏ ਈਰਾਨੀ ਤੇਲ ਟੈਂਕਰ ਗ੍ਰੇਸ-1 ਵਿਚ ਸਵਾਰ ਸਾਰੇ 24 ਭਾਰਤੀ ਸੁਰੱਖਿਅਤ ਹੈ। ਵਿਦੇਸ਼ ਰਾਜ ਮੰਤਰੀ ਵੀ. ਮੁਰਲੀਧਰਨ ਨੇ ਇਹ ਜਾਣਕਾਰੀ ਦਿੱਤੀ ਹੈ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਹਰਮੁਜ ਖਾੜੀ ਖੇਤਰ ਵਿਚ ਈਰਾਨ ਵਲੋਂ ਜ਼ਬਤ ਕੀਤੇ ਗਏ ਬ੍ਰਿਟਿਸ਼ ਟੈਂਕਰ 'ਤੇ ਸਵਾਰ 18 ਭਾਰਤੀ ਵੀ ਸੁਰੱਖਿਅਤ ਹਨ।
ਦੱਸ ਦਈਏ ਕਿ ਈਰਾਨ ਨੇ ਬਦਲੇ ਦੀ ਕਾਰਵਾਈ ਦੇ ਤਹਿਤ ਸ਼ੁੱਕਰਵਾਰ ਨੂੰ ਬ੍ਰਿਟਿਸ਼ ਟੈਂਕਰ ਸੇਂਟਾ ਇੰਪੇਰੋ ਨੂੰ ਜ਼ਬਤ ਕੀਤਾ ਸੀ। ਵਿਦੇਸ਼ ਰਾਜ ਮੰਤਰੀ ਵੀ ਮੁਰਲੀਧਰਨ ਨੇ ਟਵੀਟ ਕਰਕੇ ਦੱਸਿਆ ਕਿ ਤੇਹਰਾਨ ਵਿਚ ਭਾਰਤੀ ਸਫਾਰਤਖਾਨੇ ਨੇ ਟੈਂਕਰ 'ਤੇ ਸਵਾਰ ਭਾਰਤੀਆਂ ਨਾਲ ਮੁਲਾਕਾਤ ਕੀਤੀ ਹੈ। ਭਾਰਤ ਨੇ ਈਰਾਨ ਤੋਂ ਆਪਣੇ ਨਾਗਰਿਕਾਂ ਲਈ ਕੌਂਸਲਰ ਐਕਸੈਸ ਦੀ ਮੰਗ ਕੀਤੀ ਹੈ। ਭਾਰਤੀ ਵਿਦੇਸ਼ ਮੰਤਰਾਲੇ ਵਲੋਂ ਇਹ ਵੀ ਦੱਸਿਆ ਗਿਆ ਕਿ ਲੰਡਨ ਸਥਿਤ ਹਾਈ ਕਮਿਸ਼ਨ ਭਾਰਤੀਆਂ ਤੋਂ ਛੇਤੀ ਮੁਲਾਕਾਤ ਕਰੇਗਾ।
ਵਿਦੇਸ਼ ਰਾਜ ਮੰਤਰੀ ਨੇ ਕਿਹਾ ਕਿ ਲੰਡਨ ਸਥਿਤ ਭਾਰਤੀ ਹਾਈ ਕਮਿਸ਼ਨ ਨੇ ਤੇਲ ਟੈਂਕਰ ਗ੍ਰੇਸ-1 ਵਿਚ ਸਵਾਰ 24 ਭਾਰਤੀਆਂ ਦੇ ਜਿਬ੍ਰਾਲਟਰ ਪੁਲਸ ਵਲੋਂ ਹਿਰਾਸਤ ਵਿਚ ਲਏ ਜਾਣ ਦੀ ਪੁਸ਼ਟੀ ਕਰ ਦਿੱਤੀ ਹੈ। ਫੜੇ ਗਏ ਸਾਰੇ ਭਾਰਤੀ ਨਾਗਰਿਕ ਸੁਰੱਖਿਅਤ ਹਨ। ਲੰਡਨ ਸਥਿਤ ਭਾਰਤੀ ਅਧਿਕਾਰੀ ਜਿਬ੍ਰਾਲਟਰ ਵਿਚ ਭਾਰਤੀ ਕਰੂ ਮੈਂਬਰਾਂ ਦੇ ਸੰਪਰਕ ਵਿਚ ਹੈ। ਭਾਰਤੀ ਹਾਈਕਮਿਸ਼ਨ ਦੀ ਟੀਮ 24 ਜੁਲਾਈ ਨੂੰ ਜਿਬ੍ਰਾਲਟਰ ਜਾਏਗੀ ਅਤੇ ਫੜੇ ਗਏ ਭਾਰਤੀ ਨਾਗਰਿਕਾਂ ਨਾਲ ਮੁਲਾਕਾਤ ਕਰੇਗੀ।
ਜ਼ਿਕਰਯੋਗ ਹੈ ਕਿ ਬ੍ਰਿਟੇਨ ਵਲੋਂ ਟੈਂਕਰ ਜ਼ਬਤ ਕੀਤੇ ਜਾਣ ਤੋਂ ਬਾਅਦ ਈਰਾਨ ਨੇ ਵੀ ਬਦਲੇ ਦੀ ਕਾਰਵਾਈ ਕਰਦੇ ਹੋਏ ਦੋ ਤੇਲ ਟੈਂਕਰਾਂ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ ਸੀ। ਇਨ੍ਹਾਂ ਵਿਚ ਇਕ ਟੈਂਕਰ ਬ੍ਰਿਟੇਨ ਦਾ ਜਦੋਂ ਕਿ ਦੂਜਾ ਲਾਈਬੇਰੀਆ ਦਾ ਦੱਸਿਆ ਜਾ ਰਿਹਾ ਹੈ। ਚਿੰਤਾ ਦੀ ਗੱਲ ਇਹ ਹੈ ਕਿ ਬ੍ਰਿਟਿਸ਼ ਟੈਂਕਰ 'ਤੇ ਮੌਜੂਦ 23 ਕਰੂ ਮੈਂਬਰਸ ਵਿਚੋਂ 18 ਭਾਰਤੀ ਹਨ। ਭਾਰਤੀ ਵਿਦੇਸ਼ ਮੰਤਰਾਲੇ ਵਲੋਂ ਕਿਹਾ ਗਿਆ ਹੈ ਕਿ ਉਹ ਈਰਾਨ ਦੇ ਨਾਲ ਸੰਪਰਕ ਵਿਚ ਹਨ ਅਤੇ ਭਾਰਤੀਆਂ ਨੂੰ ਛੁਡਾਉਣ ਦੀਆਂ ਕੋਸ਼ਿਸ਼ਾਂ ਜਾਰੀ ਹਨ। 

Sunny Mehra

This news is Content Editor Sunny Mehra