ਕੋਰੋਨਾ : ਦੁਨੀਆ ਦੇ 4000 ਵਿਗਿਆਨੀਆਂ ਨੇ ਲੋਕਾਂ ਲਈ ਸਧਾਰਨ ਜ਼ਿੰਦਗੀ ਦੀ ਕੀਤੀ ਮੰਗ

10/07/2020 6:30:03 PM

ਲੰਡਨ (ਬਿਊਰੋ): ਗਲਬੋਲ ਪੱਧਰ 'ਤੇ ਕੋਰੋਨਾਵਾਇਰਸ ਮਹਾਮਾਰੀ ਦਾ ਕਹਿਰ ਘੱਟ ਹੋਣ ਦਾ ਨਾਮ ਨਹੀਂ ਲੈ ਰਿਹਾ।ਇਸ ਦੌਰਾਨ ਦੁਨੀਆ ਦੇ ਕਰੀਬ 4 ਹਜ਼ਾਰ ਵਿਗਿਆਨੀਆਂ ਨੇ ਕੋਰੋਨਾਵਾਇਰਸ ਮਹਾਮਾਰੀ ਸਬੰਧੀ ਇਕ ਵੱਡੀ ਅਪੀਲ ਕੀਤੀ ਹੈ। ਐਂਟੀ-ਤਾਲਾਬੰਦੀ ਪਟੀਸ਼ਨ ਵਿਚ ਮਾਹਰਾਂ ਨੇ ਕਿਹਾ ਹੈ ਕਿ ਜਿਹੜੇ ਲੋਕਾਂ ਨੂੰ ਕੋਰੋਨਾ ਦਾ ਖਤਰਾ ਘੱਟ ਹੈ, ਉਹਨਾਂ ਲਈ ਜ਼ਿੰਦਗੀ ਹੁਣ ਵਾਪਸ ਸਧਾਰਨ ਹੋਣੀ ਚਾਹੀਦੀ ਹੈ। ਵਿਗਿਆਨੀਆਂ ਨੇ ਹਰਡ ਇਮਿਊਨਿਟੀ ਵੱਲ ਵਧਣ ਦੀ ਸਿਫਾਰਿਸ਼ ਕੀਤੀ ਹੈ। ਵਿਗਿਆਨੀਆਂ ਨੇ ਕਿਹਾ ਹੈ ਕਿ ਕੋਰੋਨਾਵਾਇਰਸ ਨਾਲ ਜਿਹਨਾਂ ਨੂੰ ਸਭ ਤੋਂ ਵੱਧ ਖਤਰਾ ਹੈ ਉਹਨਾਂ ਨੂੰ ਬਚਾਉਂਦੇ ਹੋਏ ਬਾਕੀ ਲੋਕਾਂ ਦੇ ਲਈ ਜ਼ਿੰਦਗੀ ਸਧਾਰਨ ਹੋਣੀ ਚਾਹੀਦੀ ਹੈ।ਇੱਥੇ ਦੱਸ ਦਈਏ ਕਿ ਬਜ਼ੁਰਗ, ਓਵਰਵੇਟ ਅਤੇ ਪਹਿਲਾਂ ਤੋਂ ਕਿਸੇ ਬੀਮਾਰੀ ਨਾਲ ਜੂਝ ਰਹੇ ਲੋਕਾਂ ਨੂੰ ਕੋਰੋਰਨਾਵਾਇਰਸ ਤੋਂ ਵੱਧ ਖਤਰਾ ਹੁੰਦਾ ਹੈ।

metro.co.uk ਦੀ ਰਿਪੋਰਟ ਦੇ ਮੁਤਾਬਕ, ਬ੍ਰਿਟੇਨ ਦੀ ਆਕਸਫੋਰਡ, ਨੌਟਿੰਘਮ, ਐਡਿਨਬਰਗ, ਕੈਮਬ੍ਰਿਜ, ਸਸੈਕਸ ਸਮੇਤ ਹੋਰ ਯੂਨੀਵਰਸਿਟੀ ਦੇ ਮਾਹਰਾਂ ਨੇ ਲੋਕਾਂ ਦੇ ਲਈ ਸਧਾਰਨ ਜ਼ਿੰਦਗੀ ਯਕੀਨੀ ਕਰਨ ਦੀ ਅਪੀਲ ਕੀਤੀ ਹੈ ਕਿਉਂਕਿ ਸਮਾਜਿਕ ਪਾਬੰਦੀਆਂ ਦਾ ਅਸਰ ਲੋਕਾਂ ਦੀ ਮਾਨਸਿਕ ਸਿਹਤ 'ਤੇ ਪੈ ਰਿਹਾ ਹੈ। ਭਾਵੇਂਕਿ ਕੁਝ ਹੋਰ ਮਾਹਰਾਂ ਨੇ ਪਟੀਸ਼ਨ ਦੀ ਆਲੋਚਨਾ ਕੀਤੀ ਹੈ। ਉਹਨਾਂ ਨੇ ਕਿਹਾ ਹੈ ਕਿ ਉਹ ਕੋਰੋਨਾਵਾਇਰਸ ਦੇ ਕੁਝ ਪਹਿਲੂਆਂ ਨੂੰ ਨਜ਼ਰ ਅੰਦਾਜ਼ ਕਰਦੀ ਹੈ। ਆਲੋਚਨਾ ਕਰਨ ਵਾਲੇ ਮਾਹਰਾਂ ਦਾ ਕਹਿਣਾ ਹੈ ਕਿ ਕੋਰੋਨਾ ਦੇ ਕਾਰਨ ਲੋਕਾਂ ਦੀ ਜ਼ਿੰਦਗੀ ਅਤੇ ਸਿਹਤ ਤਬਾਹ ਹੋ ਸਕਦੀ ਹੈ ਅਤੇ ਹੁਣ ਤੱਕ ਹਰਡ ਇਮਿਊਨਿਟੀ ਦੇ ਪ੍ਰਭਾਵੀ ਹੋਣ ਸਬੰਧੀ ਲੋੜੀਂਦੀ ਜਾਣਕਾਰੀ ਸਾਹਮਣੇ ਨਹੀਂ ਆਈ ਹੈ।

ਪੜ੍ਹੋ ਇਹ ਅਹਿਮ ਖਬਰ- ਕੋਰੋਨਾਵਾਇਰਸ ਦੀ ਮਾਰ ਹੇਠ ਆਸਟ੍ਰੇਲੀਆ ਦਾ ਬਜਟ ਪੇਸ਼, ਇਨ੍ਹਾਂ ਵਰਗਾਂ ਨੂੰ ਮਿਲੇਗੀ ਵਿਸ਼ੇਸ਼ ਰਿਆਇਤ

ਉੱਧਰ ਪਟੀਸ਼ਨ ਵਿਚ ਕਿਹਾ ਗਿਆ ਹੈ ਕਿ ਕੋਰੋਨਾਵਾਇਰਸ ਸਬੰਧੀ ਬਣਾਈਆਂ ਗਈਆਂ ਮੌਜੂਦਾ ਨੀਤੀਆਂ ਦੇ ਕਾਰਨ ਲੋਕਾਂ ਦੀ ਸਰੀਰਕ ਅਤੇ ਮਾਨਸਿਕ ਸਿਹਤ 'ਤੇ ਬੁਰਾ ਅਸਰ ਪੈ ਰਿਹਾ ਹੈ। ਬੱਚਿਆਂ ਦੇ ਟੀਕਾਕਰਨ ਵਿਚ ਕਮੀ ਆ ਰਹੀ ਹੈ ਅਤੇ ਕੈਂਸਰ ਸਮੇਤ ਕਈ ਹੋਰ ਬੀਮਾਰੀਆਂ ਨਾਲ ਪੀੜਤ ਲੋਕਾਂ ਨੂੰ ਸਮੇਂ 'ਤੇ ਮੈਡੀਕਲ ਸਹੂਲਤਾਂ ਨਹੀਂ ਮਿਲ ਪਾ ਰਹੀਆਂ ਹਨ। ਵਿਗਿਆਨੀਆਂ ਅਤੇ ਅਕੈਡਮਿਕਸ ਨੇ ਪਟੀਸ਼ਨ ਵਿਚ ਕਿਹਾ ਹੈ ਕਿ ਪਾਬੰਦੀਆਂ ਅਤੇ ਇਸ ਦੇ ਅਸਰ ਦੇ ਕਾਰਨ ਆਉਣ ਵਾਲੇ ਸਮੇਂ ਵਿਚ ਮੌਤ ਦਰ ਵੱਧ ਸਕਦੀ ਹੈ। ਉੱਥੇ ਬੱਚਿਆਂ ਨੂੰ ਸਕੂਲਾਂ ਤੋਂ ਬਾਹਰ ਰੱਖਣਾ ਵੀ ਵੱਡਾ ਅਨਿਆਂ ਹੈ। ਵਿਗਿਆਨੀਆਂ ਨੇ ਇਹ ਵੀ ਕਿਹਾ ਹੈ ਕਿ ਜਦੋਂ ਤੱਕ ਵੈਕਸੀਨ ਨਹੀਂ ਆ ਜਾਂਦੀ ਉਦੋਂ ਤੱਕ ਅਜਿਹੀਆਂ ਪਾਬੰਦੀਆਂ ਜੇਕਰ ਰਹਿੰਦੀਆਂ ਹਨ ਤਾਂ ਇਸ ਨਾਲ ਵੱਡਾ ਨੁਕਸਾਨ ਹੋ ਜਾਵੇਗਾ। ਖਾਸ ਕਰ ਕੇ ਪਛੜੇ ਵਰਗ ਦੇ ਲੋਕਾਂ ਨੂੰ ਬਹੁਤ ਜ਼ਿਆਦਾ ਨੁਕਸਾਨ ਹੋਵੇਗਾ।

Vandana

This news is Content Editor Vandana