ਇਟਲੀ ਦੇ ਸ਼ਹਿਰ ਕਤਾਨੀਆ ''ਚ ਲੱਗੇ ਭੂਚਾਲ ਦੇ ਝਟਕੇ, 40 ਲੋਕ ਜ਼ਖਮੀ

10/06/2018 2:37:16 PM

ਰੋਮ (ਕੈਂਥ)— ਅੱਜ ਤੜਕੇ ਤਕਰੀਬਨ 2 ਤੋਂ 3 ਵਜੇ ਦੇ ਵਿਚਕਾਰ ਇਟਲੀ ਦੇ ਸ਼ਹਿਰ ਕਤਾਨੀਆ ਵਿਖੇ 4 ਵਾਰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਅਤੇ ਇਸ ਕਾਰਨ 40 ਲੋਕ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ , ਉਂਝ ਉਨ੍ਹਾਂ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ। ਮਿਲੀ ਜਾਣਕਾਰੀ ਅਨੁਸਾਰ ਕਤਾਨੀਆ ਦੇ ਇਲਾਕਾ ਸਾਂਤਾ ਮਰੀਆ ਦੀ ਲੀਕੋਦੀਆ ਵਿੱਚ ਕਰੀਬ ਦੋ ਕਿਲੋਮੀਟਰ ਦੇ ਖੇਤਰ ਤੱਕ ਭੂਚਾਲ ਨੇ ਲੋਕਾਂ ਨੂੰ ਪੂਰੀ ਤਰ੍ਹਾਂ ਝੰਜੋੜਿਆ । ਜਿਸ ਸਮੇਂ ਭੂਚਾਲ ਆਇਆ ਤਦ ਲੋਕ ਸੁੱਤੇ ਪਏ ਸਨ ਅਤੇ ਉਹ ਘਬਰਾ ਗਏ । 
ਇਸ ਦੌਰਾਨ 40 ਲੋਕ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਤੁਰੰਤ ਰਾਹਤ ਕਰਮੀਆਂ ਨੇ ਹਸਪਤਾਲ ਪਹੁੰਚਾਇਆ । ਰਿਕਟਰ ਪੈਮਾਨੇ 'ਤੇ ਭੂਚਾਲ ਦੀ ਤੀਬਰਤਾ 4.8 ਮਾਪੀ ਗਈ, ਜਿਸ ਵਿੱਚ ਕਈ ਘਰ ਅਤੇ ਗਿਰਜਾਘਰ ਨੁਕਸਾਨੇ ਗਏ । ਇਸ ਮਗਰੋਂ ਪੂਰੇ ਇਲਾਕੇ ਵਿੱਚ ਸਹਿਮ ਅਤੇ ਡਰ ਦਾ ਮਾਹੌਲ ਹੈ ਤੇ ਲੋਕ ਆਪਣੇ ਘਰਾਂ ਤੋਂ ਬਾਹਰ ਹੀ ਸੜਕਾਂ 'ਤੇ ਬੈਠ ਗਏ ਹਨ। ਫਿਲਹਾਲ ਰਾਹਤ ਕਾਰਜ ਚੱਲ ਰਿਹਾ ਹੈ।