ਟੋਰਾਂਟੋ : ਰੈਪਟਰਸ ਰੈਲੀ ''ਚ ਗੋਲੀਬਾਰੀ ਕਾਰਨ 4 ਲੋਕ ਹੋਏ ਜ਼ਖਮੀ

06/18/2019 10:25:10 AM

ਟੋਰਾਂਟੋ— ਕੈਨੇਡਾ 'ਚ ਐੱਨ. ਬੀ. ਏ. ਚੈਂਪੀਅਨ ਰੈਪਟਰਸ ਲਈ ਸੋਮਵਾਰ ਨੂੰ ਹੋਈ ਰੈਲੀ 'ਚ ਵੱਡੀ ਗਿਣਤੀ 'ਚ ਲੋਕ ਇਕੱਠੇ ਹੋਏ ਅਤੇ ਉਸ ਦੌਰਾਨ ਹੋਈ ਗੋਲੀਬਾਰੀ 'ਚ ਚਾਰ ਲੋਕ ਜ਼ਖਮੀ ਹੋ ਗਏ। ਇਸ ਦੇ ਬਾਅਦ ਸਿਟੀ ਹਾਲ ਚੌਰਾਹੇ 'ਤੇ ਰੈਪਟਰਸ ਦੇ ਪ੍ਰਸ਼ੰਸਕਾਂ ਵਿਚਕਾਰ ਭੱਜ-ਦੌੜ ਮਚ ਗਈ। ਹਾਲ 'ਚ ਹਜ਼ਾਰਾਂ ਪ੍ਰਸ਼ੰਸਕ ਮੌਜੂਦ ਸਨ। ਉੱਥੇ ਹੀ 10 ਲੱਖ ਜਾਂ ਉਸ ਤੋਂ ਜ਼ਿਆਦਾ ਪ੍ਰਸ਼ੰਸਕ ਰੈਪਟਰਸ ਦੀ ਪਰੇਡ ਕਰਨ ਲਈ ਟੋਰਾਂਟੋ 'ਚ ਮੌਜੂਦ ਸਨ, ਜਿਸ ਕਾਰਨ ਉਨ੍ਹਾਂ ਦੀ ਸੁਰੱਖਿਆ ਨੂੰ ਲੈ ਕੇ ਚਿੰਤਾ ਪੈਦਾ ਹੋ ਗਈ। ਟੋਰਾਂਟੋ ਰੈਪਟਰਸ ਕੈਨੇਡਾ ਦੀ ਪੇਸ਼ੇਵਰ ਬਾਸਕਟਬਾਲ ਟੀਮ ਹੈ।

ਟੋਰਾਂਟੋ ਪੁਲਸ ਮੁਖੀ ਮਾਰਕ ਸੈਂਡਰਸ ਨੇ ਦੱਸਿਆ ਕਿ ਚਾਰ ਲੋਕਾਂ ਨੂੰ ਗੋਲੀਆਂ ਲੱਗੀਆਂ ਪਰ ਕੋਈ ਵੀ ਜ਼ਖਮੀ ਗੰਭੀਰ ਨਹੀਂ ਹੈ। ਗੋਲੀਬਾਰੀ ਤੋਂ ਬਚਣ ਦੀ ਕੋਸ਼ਿਸ਼ 'ਚ ਭੱਜਣ ਵਾਲੇ ਕੁਝ ਹੋਰ ਲੋਕਾਂ ਨੂੰ ਹਲਕੀਆਂ ਸੱਟਾਂ ਲੱਗੀਆਂ ਹਨ। ਉਨ੍ਹਾਂ ਨੇ ਕਿਹਾ,''ਅਸੀਂ ਸ਼ੱਕੀ ਲੋਕਾਂ ਨੂੰ ਹਿਰਾਸਤ 'ਚ ਲਿਆ ਅਤੇ ਉਨ੍ਹਾਂ ਕੋਲੋਂ ਹਥਿਆਰ ਬਰਾਮਦ ਕੀਤੇ ਗਏ ਅਤੇ ਜਾਂਚ ਸ਼ੁਰੂ ਕਰ ਦਿੱਤੀ।''

ਇਹ ਪੁੱਛੇ ਜਾਣ 'ਤੇ ਕਿ ਕੀ ਇਹ ਨਿਸ਼ਾਨਾ ਬਣਾ ਕੇ ਕੀਤੀ ਗਈ ਗੋਲੀਬਾਰੀ ਜਾਂ ਅੱਤਵਾਦ ਨਾਲ ਸਬੰਧਤ ਘਟਨਾ ਸੀ, ਇਸ 'ਤੇ ਪੁਲਸ ਬੁਲਾਰੇ ਐਲਿਸਨ ਸਪਾਰਕਸ ਨੇ ਦੱਸਿਆ ਕਿ ਜਾਂਚ ਚੱਲ ਰਹੀ ਹੈ। ਇਸ ਘਟਨਾ ਦੌਰਾਨ ਰੈਲੀ ਦੇ ਪ੍ਰਬੰਧਕਾਂ ਨੇ ਭੀੜ ਨੂੰ ਐਮਰਜੈਂਸੀ ਸਥਿਤੀ ਲਈ ਅਲਰਟ ਕੀਤਾ ਅਤੇ ਸ਼ਾਂਤੀ ਬਣਾਏ ਰੱਖਣ ਦੀ ਅਪੀਲ ਕੀਤੀ। ਉਸ ਸਮੇਂ ਮੰਚ 'ਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ, ਟੋਰਾਂਟੋ ਦੇ ਮੇਅਰ ਜਾਨ ਟੋਰੀ, ਐੱਨ. ਬੀ. ਏ. ਫਾਈਨਲਸ ਐੱਮ. ਵੀ. ਪੀ. ਕਾਵਹੀ ਲਿਓਨਾਰਡ ਅਤੇ ਹੋਰ ਖਿਡਾਰੀ ਮੌਜੂਦ ਸਨ।