ਇਟਲੀ : 4 ਨੌਜਵਾਨਾਂ ਦੀ ਮੌਤ ਦਾ ਕਾਰਨ ਜਾਨਣ ਲਈ ਪੁੱਜੇ ਭਾਰਤੀ ਅਧਿਕਾਰੀ

09/14/2019 8:56:46 AM

ਮਿਲਾਨ, (ਸਾਬੀ ਚੀਨੀਆ)— ਇਟਲੀ ਦੇ ਜ਼ਿਲਾ ਪਾਵੀ 1 ਵਿਚ ਦੁੱਧ ਡੇਅਰੀ ਫਾਰਮ 'ਤੇ ਮਾਰੇ ਗਏ ਚਾਰ ਪੰਜਾਬੀ ਨੌਜਵਾਨਾਂ ਦੀ ਬੇਵਕਤੀ ਮੌਤ ਦੇ ਕਾਰਨਾਂ ਦੀ ਸੱਚਾਈ ਬਾਰੇ ਪਤਾ ਲਗਾਉਣ ਲਈ ਭਾਰਤੀ ਅੰਬੈਸੀ ਮਿਲਾਨ ਦੇ ਕੌਂਸਲਰ ਜਨਰਲ ਬਿਨੋਈ ਜਾਰਜ ਅਤੇ ਵਾਇਸ ਕੌਂਸਲਰ ਰਾਜੀਵ ਭਾਟੀਆ ਵਲੋਂ ਘਟਨਾ ਸਥਾਨ ਦਾ ਦੌਰਾ ਕੀਤਾ ਗਿਆ । ਉਨ੍ਹਾਂ ਗਮਹੀਨ ਮਾਹੌਲ ਵਿਚ ਪਰਿਵਾਰਕ ਮੈਂਬਰਾਂ ਨਾਲ ਦੁੱਖ ਦਾ ਪ੍ਰਗਟਾਵਾ ਕਰਦਿਆਂ ਆਖਿਆ ਕਿ ਇਟਲੀ ਰਹਿੰਦਾ ਹਰ ਭਾਰਤੀ ਅਤੇ ਭਾਰਤ ਸਰਕਾਰ ਇਸ ਦੁੱਖ ਦੀ ਘੜੀ ਵਿਚ ਉਨ੍ਹਾਂ ਦੇ ਪਰਿਵਾਰ ਨਾਲ ਹੈ। ਮਿਲਾਨ ਅੰਬੈਸੀ ਵਲੋਂ ਪਰਿਵਾਰ ਨੂੰ ਹਰ ਤਰ੍ਹਾਂ ਦੇ ਸਹਿਯੋਗ ਦਾ ਵਿਸ਼ਵਾਸ ਦਿੰਦੇ ਹੋਏ ਉਨ੍ਹਾਂ ਮੌਕੇ 'ਤੇ ਮੌਜੂਦਾ ਇਟਾਲੀਅਨ ਅਧਿਕਾਰੀਆਂ ਨਾਲ ਗੱਲਬਾਤ ਕਰਕੇ ਪੂਰੀ ਜਾਣਕਾਰੀ ਪ੍ਰਾਪਤ ਕੀਤੀ ਅਤੇ ਪ੍ਰਸ਼ਾਸਨ ਨੂੰ ਆਖਿਆ ਕਿ ਉਹ ਮਾਮਲੇ ਦੀ ਨਿਰਪੱਖ ਜਾਂਚ ਕਰਵਾਉਣ ।
ਦੂਜੇ ਪਾਸੇ ਪਰਿਵਾਰਕ ਮੈਂਬਰਾਂ ਦਾ ਦੋਸ਼ ਹੈ ਕਿ ਬਚਾਅ ਕਾਰਜਾਂ ਵਿਚ 5 ਘੰਟੇ ਦੀ ਹੋਈ ਦੇਰੀ ਲਈ ਪ੍ਰਸ਼ਾਸਨ ਪੂਰੀ ਤਰ੍ਹਾਂ ਜ਼ਿੰਮੇਵਾਰ ਹੈ। ਪ੍ਰਸ਼ਾਸਨ ਵੱਲੋਂ ਉਨ੍ਹਾਂ ਨੂੰ ਮ੍ਰਿਤਕ ਦੇਹਾਂ ਵੀ ਨਹੀਂ ਦਿਖਾਈਆਂ ਜਾ ਰਹੀਆਂ। ਪਰਿਵਾਰ ਦਾ ਕਹਿਣਾ ਹੈ ਕਿ ਜੇ ਬਚਾਅ ਕਾਰਜ ਛੇਤੀ ਨਾਲ ਕੀਤੇ ਜਾਂਦੇ ਤਾਂ ਉਨ੍ਹਾਂ ਨੂੰੰ ਬਚਾਇਆ ਜਾ ਸਕਦਾ ਸੀ।
 

ਸਿੱਖ ਕਮਿਨਊਟੀ ਇਟਲੀ ਦੇ ਪ੍ਰਧਾਨ ਸੁਖਦੇਵ ਸਿੰਘ ਕੰਗ ਨੇ ਪੱ੍ਰੈਸ ਨਾਲ ਗੱਲਬਾਤ ਇਸ ਘਟਨਾ 'ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਆਖਿਆ ਕਿ ਮਰਨ ਵਾਲਿਆਂ ਵਿਚ ਪ੍ਰੇਮ ਸਿੰਘ 47 ਤੇ ਤਰਸੇਮ ਸਿੰਘ 45 ਜ਼ਿਲਾ ਜਲੰਧਰ ਦੇ ਪਿੰਡ ਚੀਮੇ (ਕਰਤਾਰਪੁਰ) ਹਰਮਿੰਦਰ ਸਿੰਘ (29) ਤੇ ਮਨਜਿੰਦਰ ਸਿੰਘ (28) ਸ਼ਾਮਲ ਹਨ, ਜਿਨ੍ਹਾਂ 'ਚੋਂ ਇਕ ਨੌਜਵਾਨ ਥੋੜਾ ਸਮਾਂ ਪਹਿਲਾਂ ਹੀ ਸੁਨਹਿਰੀ ਭੱਵਿਖ ਦਾ ਸੁਪਨਾ ਲੈ ਕੇ ਇਟਲੀ ਆਇਆ ਸੀ।

ਨਹੀਂ ਪਤਾ ਲੱਗਾ ਮੌਤ ਦਾ ਅਸਲ ਕਾਰਨ—
ਘਟਨਾ ਸਥਾਨ ਨੂੰ ਵੇਖਣ 'ਤੇ ਸਮਝ ਨਹੀਂ ਆ ਰਿਹਾ ਕਿ ਕਿਸ ਤਰ੍ਹਾਂ ਢਾਈ-ਤਿੰਨ ਮੀਟਰ ਡੂੰਘੀ ਤੇ ਡੇਢ ਮੀਟਰ ਚੜ੍ਹਾਈ ਵਾਲੀ ਦਲ-ਦਲ 'ਚ ਚਾਰ ਨੌਜਵਾਨਾਂ ਦੀ ਮੌਤ ਹੋ ਗਈ। ਜਦ ਕਿ ਖੂਹੀ ਵਿਚ ਇਕ ਪੌੜੀ ਤੇ ਇਕ ਲੋਹੇ ਦਾ ਪਾਇਪ ਵੀ ਮੌਜੂਦ ਸੀ।  ਮਰਨ ਵਾਲੇ ਦੋ ਭਰਾਵਾਂ ਦਾ ਪਿਤਾ ਅਧਰੰਗ ਕਾਰਨ ਪਹਿਲਾਂ ਹੀ ਮੰਜੇ ਪਿਆ ਹੈ ਤੇ ਪਰਿਵਾਰ 'ਤੇ ਹੋਰ ਦੁੱਖਾਂ ਦਾ ਪਹਾੜ ਡਿੱਗ ਗਿਆ ਹੈ।