ਲੇਡੀ ਅਲ-ਕਾਇਦਾ ਦੀ ਰਿਹਾਈ ਲਈ ਬੰਦੀ ਬਣਾਏ 4 ਅਮਰੀਕੀ ਛੁਡਾਏ ਗਏ, ਹਮਲਾਵਰ ਢੇਰ

01/17/2022 10:48:54 AM

ਟੈਕਸਾਸ (ਭਾਸ਼ਾ)– ਟੈਕਸਾਸ ਵਿਚ ਅਮਰੀਕੀ ਨਾਗਰਿਕਾਂ ਨੂੰ ਬੰਦੀ ਬਣਾਏ ਜਾਣ ਦੇ ਮਾਮਲੇ ਵਿਚ ਸੁਰੱਖਿਆ ਫੋਰਸਾਂ ਨੂੰ ਵੱਡੀ ਕਾਮਯਾਬੀ ਮਿਲੀ ਹੈ। ਗਵਰਨਰ ਗ੍ਰੇਸ ਐਬਾਟ ਨੇ ਟਵੀਟ ਕਰ ਕੇ ਪੁਸ਼ਟੀ ਕੀਤੀ ਹੈ ਕਿ ਅੱਤਵਾਦੀ ਦੇ ਚੰਗੁਲ ’ਚੋਂ ਸਾਰੇ ਬੰਦੀਆਂ ਨੂੰ ਛੁਡਾ ਲਿਆ ਗਿਆ ਹੈ। ਸਾਰੇ ਸੁਰੱਖਿਅਤ ਹਨ।ਉਥੇ ਹੀ ਸੁਰੱਖਿਆ ਫੋਰਸਾਂ ਦੀ ਗੋਲੀਬਾਰੀ ਵਿਚ ਸ਼ੱਕੀ ਮਾਰਿਆ ਗਿਆ। ਬੰਦੀਆਂ ਵਿਚ ਇਕ ਰੱਬੀ (ਯਹੂਦੀ ਧਰਮ ਗੁਰੂ) ਵੀ ਸ਼ਾਮਲ ਸੀ। ਵ੍ਹਾਈਟ ਹਾਊਸ ਮੁਤਾਬਕ ਬੰਦੀ ਦੀ ਸਥਿਤੀ ਬਾਰੇ ਰਾਸ਼ਟਰਪਤੀ ਜੋਅ ਬਾਈਡੇਨ ਨੂੰ ਵੀ ਜਾਣਕਾਰੀ ਦਿੱਤੀ ਗਈ ਹੈ। ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨਫਤਾਲੀ ਬੇਨੇਟ ਨੇ ਕਿਹਾ ਕਿ ਉਹ ਸਥਿਤੀ ’ਤੇ ਨੇੜਿਓਂ ਨਜ਼ਰ ਰੱਖੇ ਹੋਏ ਹਨ। ਉਨ੍ਹਾਂ ਟਵਿੱਟਰ ’ਤੇ ਲਿਖਿਆ ਕਿ ਅਸੀਂ ਬੰਦੀਆਂ ਅਤੇ ਬਚਾਅ ਟੀਮ ਦੀ ਸੁਰੱਖਿਆ ਲਈ ਪ੍ਰਾਰਥਨਾ ਕਰਦੇ ਹਾਂ।

ਹਮਲਾਵਰ ਨੇ ਅੱਤਵਾਦੀ ਆਫੀਆ ਸਿੱਦੀਕੀ ਨੂੰ ਰਿਹਾਅ ਕਰਵਾਉਣ ਲਈ ਇਹ ਹਮਲਾ ਕੀਤਾ ਸੀ। ਉਸ ਨੇ ਸੁਰੱਖਿਆ ਫੋਰਸਾਂ ਨੂੰ ਕਿਹਾ ਕਿ ਅਮਰੀਕਾ ਵਿਚ ਉਸ ਨੇ ਕਈ ਥਾਵਾਂ ’ਤੇ ਬੰਬ ਰੱਖੇ ਹਨ। ਇਸ ਤੋਂ ਇਲਾਵਾ ਉਸ ਨੇ 4 ਲੋਕਾਂ ਨੂੰ ਬੰਦੀ ਬਣਾ ਲਿਆ ਸੀ। ਹਾਲਾਂਕਿ ਇਕ ਬੰਦੀ ਨੂੰ ਸੁਰੱਖਿਆ ਫੋਰਸ ਪਹਿਲਾਂ ਹੀ ਛੁਡਾਉਣ ਵਿਚ ਕਾਮਯਾਬ ਰਹੀ ਸੀ। ਆਫੀਆ ਸਿੱਦੀਕੀ ਨੂੰ ਲੇਡੀ ਅਲ-ਕਾਇਦਾ ਵੀ ਕਹਿੰਦੇ ਹਨ। ਉਸ ਨੂੰ ਅਫਗਾਨ ਵਿਚ ਹਿਰਾਸਤ ਵਿਚ ਰਹਿੰਦੇ ਹੋਏ ਅਮਰੀਕੀ ਫ਼ੌਜੀ ਅਧਿਕਾਰੀਆਂ ਨੂੰ ਮਾਰਨ ਦੀ ਕੋਸ਼ਿਸ਼ ਕਰਨ ਦਾ ਦੋਸ਼ੀ ਠਹਿਰਾਇਆ ਗਿਆ ਸੀ। ਸਿੱਦੀਕੀ ਨੂੰ ਫਿਲਹਾਲ ਟੈਕਸਾਸ ਦੀ ਸੰਘੀ ਜੇਲ੍ਹ ਕਾਰਸਵੇਲ ਵਿਚ ਰੱਖਿਆ ਗਿਆ ਹੈ। ਇਸ ਤੋਂ ਇਲਾਵਾ ਆਫੀਆ ਦਾ ਕਈ ਅੱਤਵਾਦੀ ਘਟਨਾਵਾਂ ਦੇ ਪਿੱਛੇ ਹੱਥ ਰਿਹਾ ਹੈ। ਉਹ ਇਕ ਨਿਊਰੋਸਾਇੰਟਿਸਟ ਵੀ ਹੈ।

ਪੜ੍ਹੋ ਇਹ ਅਹਿਮ ਖ਼ਬਰ- ਪ੍ਰਿੰਸ ਹੈਰੀ ਨੇ ਯੂਕੇ 'ਚ ਪਰਿਵਾਰਕ ਸੁਰੱਖਿਆ ਲਈ ਕੀਤੀ ਕਾਨੂੰਨੀ ਕਾਰਵਾਈ

ਅਮਰੀਕੀ ਫ਼ੌਜੀ ਅਧਿਕਾਰੀਆਂ ਨੂੰ ਮਾਰਨਾ ਚਾਹੁੰਦੀ ਸੀ ਆਫੀਆ
ਆਫੀਆ ਸਿੱਦੀਕੀ ਨੂੰ 2008 ਵਿਚ ਅਫਗਾਨਿਸਤਾਨ ਵਿਚ ਸਥਾਨਕ ਫੋਰਸਾਂ ਨੇ 2 ਕਿਲੋ ਜ਼ਹਿਰ ‘ਸੋਡੀਅਮ ਸਾਈਨਾਈਡ’ ਦੇ ਨਾਲ ਗ੍ਰਿਫ਼ਤਾਰ ਕੀਤਾ ਸੀ। ਆਫੀਆ ਸਿੱਦੀਕੀ ਨੇ ਅਮਰੀਕੀ ਫ਼ੌਜੀ ਅਧਿਕਾਰੀਆਂ ਦੀ ਹੱਤਿਆ ਕਰਨ ਦੀ ਸਾਜ਼ਿਸ਼ ਰਚੀ ਸੀ। ਉਸ ਨੇ ਨਿਊਯਾਰਕ ਦੇ ਬਰੁਕਲਿਨ ਬ੍ਰਿਜ ਅਤੇ ਐਂਪਾਇਰ ਸਟੇਟ ਬਿਲਡਿੰਗ ’ਤੇ ਰਾਸਾਇਣਿਕ ਹਮਲਿਆਂ ਦੀ ਯੋਜਨਾ ਬਣਾਈ। ਉਸ ਨੇ 21 ਸਾਲ ਦੀ ਉਮਰ ਵਿਚ ਆਪਣੀਆਂ ਸਹੇਲੀਆਂ ਦਰਮਿਆਨ ਫੁੱਕਰੀ ਮਾਰੀ ਸੀ ਕਿ ਉਸ ਨੂੰ ‘ਐੱਫ. ਬੀ. ਆਈ. ਦੀ ਮੋਸਟ ਵਾਂਟੇਡ ਲਿਸਟ’ ਵਿਚ ਸ਼ਾਮਲ ਹੋਣ ’ਤੇ ਮਾਣ ਹੋਵੇਗਾ। ਉਸ ਨੇ 1993 ਵਿਚ ਕਿਹਾ ਸੀ ਕਿ ਉਹ ‘ਮੁਸਲਿਮ ਭਰਾਵਾਂ ਅਤੇ ਭੈਣਾਂ ਦੀ ਮਦਦ ਲਈ ਕੁਝ’ ਕਰਨਾ ਚਾਹੁੰਦੀ ਹੈ, ਭਾਵੇਂ ਇਸ ਦੇ ਲਈ ਕਾਨੂੰਨ ਤੋੜਨਾ ਪਵੇ। ਆਪਣੇ ਮੁਕੱਦਮੇ ਦੀ ਸੁਣਵਾਈ ਵਿਚ ਆਫੀਆ ਸਿੱਦੀਕੀ ਨੇ ਮੰਗ ਕੀਤੀ ਸੀ ਕਿ ਇਹ ਦੇਖਣ ਲਈ ਹਰੇਕ ਜਿਊਰੀ ਮੈਂਬਰ ਦਾ ਡੀ. ਐੱਨ. ਏ. ਪ੍ਰੀਖਣ ਕਰਵਾਇਆ ਜਾਵੇ ਕਿ ਕਿਤੇ ਉਹ ਯਹੂਦੀ ਤਾਂ ਨਹੀਂ ਹਨ।

ਸਿੱਦੀਕੀ ਦੀ ਰਿਹਾਈ ਲਈ ਪਾਕਿ ਸਰਕਾਰ ਨੇ ਬਣਾਇਆ ਅਮਰੀਕਾ ’ਤੇ ਦਬਾਅ
ਅੱਤਵਾਦੀ ਸਿੱਦੀਕੀ ਮਾਮਲੇ ਵਿਚ ਪਾਕਿ ਦਾ ਅੱਤਵਾਦ ਨੂੰ ਉਤਸ਼ਾਹ ਕਰਨ ਸੰਬੰਧੀ ਨਾਪਾਕ ਚਿਹਰਾ ਸਾਹਮਣੇ ਆਇਆ ਜਦੋਂ ਅਮਰੀਕਾ ਨੇ ਸਿੱਦੀਕੀ ਦੀ ਗ੍ਰਿਫ਼ਤਾਰੀ ਸੰਬੰਧੀ ਸੂਚਨਾ ਦਿੱਤੀ ਤਾਂ ਰਿਹਾਈ ਲਈ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ, ਵਿਦੇਸ਼ ਮੰਤਰੀ ਅਤੇ ਰਾਸ਼ਟਰਪਤੀ ਨੇ ਆਪਣੇ ਹਮਅਹੁਦਾ ’ਤੇ ਦਬਾਅ ਬਣਾਇਆ ਅਤੇ ਪਾਕਿ ਸੀਨੇਟ ਨੇ ਵੀ ਅਮਰੀਕਾ ਤੋਂ ਉਸ ਨੂੰ ਮੁਕਤ ਕਰਨ ਦੀ ਅਪੀਲ ਕੀਤੀ।ਉਥੇ ਹੀ ਅਫਗਾਨਿਸਤਾਨ ਵਿਚ ਯੁੱਧ ਦੌਰਾਨ ਪਾਕਿ ਨੇ ਅਮਰੀਕੀ ਫ਼ੌਜੀਆਂ ਦਾ ਸਾਮਾਨ ਸਪਲਾਈ ਕਰਨ ’ਤੇ ਰੋਕ ਲਗਾ ਦਿੱਤੀ।

Vandana

This news is Content Editor Vandana