ਕੈਨੇਡਾ : 9 ਸਾਲਾ ਬੱਚੀ ਦੇ ਬਲਾਤਕਾਰੀ ਤੇ ਕਾਤਲ ਦੀ 36 ਸਾਲਾਂ ਬਾਅਦ ਹੋਈ ਪਛਾਣ

10/16/2020 11:30:11 AM

ਟੋਰਾਂਟੋ- ਕੈਨੇਡਾ ਦੇ ਟੋਰਾਂਟੋ ਵਿਚ 9 ਸਾਲਾ ਬੱਚੀ ਦੇ ਬਲਾਤਕਾਰੀ ਤੇ ਕਾਤਲ ਦੀ ਪਛਾਣ 36 ਸਾਲਾਂ ਬਾਅਦ ਹੋਈ ਹੈ। ਟੋਰਾਂਟੋ ਪੁਲਸ ਨੇ ਡੀ. ਐੱਨ. ਏ. ਜਾਂਚ ਦੀ ਨਵੀਂ ਤਕਨੀਕ ਨਾਲ ਇਸ ਕਾਤਲ ਦੀ ਪਛਾਣ ਕੀਤੀ ਹੈ। ਸਾਲ 1984 ਵਿਚ ਓਂਟਾਰੀਓ ਦੇ ਕੁਇਨਜ਼ਵਿਲਾ ਵਿਚ ਇਕ 9 ਸਾਲਾ ਬੱਚੀ ਦੀ ਲਾਸ਼ ਮਿਲੀ ਸੀ ਤੇ ਜਾਂਚ ਵਿਚ ਪਤਾ ਲੱਗਾ ਸੀ ਕਿ ਉਸ ਦਾ ਬਲਾਤਕਾਰ ਕਰਕੇ ਉਸ ਨੂੰ ਮਾਰ ਦਿੱਤਾ ਗਿਆ ਸੀ। ਪੁਲਸ ਨੇ ਇਸ ਦੀ ਲੰਬੀ ਜਾਂਚ ਕੀਤੀ ਪਰ ਹੁਣ ਜਾ ਕੇ ਅਸਲੀ ਦੋਸ਼ੀ ਦਾ ਪਤਾ ਲੱਗ ਸਕਿਆ।

ਪੁਲਸ ਪਹਿਲਾਂ ਕਿਸੇ ਹੋਰ ਵਿਅਕਤੀ 'ਤੇ ਸ਼ੱਕ ਕਰਦੀ ਰਹੀ ਪਰ ਹੁਣ ਇਹ ਮਾਮਲਾ ਸੁਲਝਿਆ ਹੈ ਤੇ ਉਸ ਵਿਅਕਤੀ ਨੂੰ ਮੁਆਵਜ਼ਾ ਦਿੱਤਾ ਗਿਆ ਹੈ। ਡੀ. ਐੱਨ. ਏ. ਦੀ ਇਹ ਨਵੀਂ ਤਕਨੀਕ ਅਜੇ ਕੈਨੇਡਾ ਵਿਚ ਨਹੀਂ ਹੈ ਪਰ ਅਮਰੀਕਾ ਵਿਚ ਹੈ ਤੇ ਉੱਥੇ ਸਬੂਤ ਲੈ ਜਾ ਕੇ ਜਾਂਚ ਕੀਤੀ ਗਈ ਹੈ। 

ਕਾਲਵਿਨ ਹੂਵਰ ਨਾਂ ਦਾ ਕਾਤਲ ਬੱਚੀ ਦੇ ਪਿਤਾ ਨਾਲ ਹੀ ਕੰਮ ਕਰਦਾ ਸੀ,  ਜੋ ਉਸ ਸਮੇਂ 28 ਸਾਲ ਦਾ ਸੀ ਤੇ ਉਸ ਨੇ 9 ਸਾਲਾ ਮਾਸੂਮ ਨੂੰ ਆਪਣਾ ਸ਼ਿਕਾਰ ਬਣਾਇਆ। ਪੁਲਸ ਨੇ ਦੱਸਿਆ ਕਿ ਕਾਤਲ ਦੀ 2015 ਵਿਚ ਕਿਸੇ ਕਾਰਨ ਮੌਤ ਹੋ ਚੁੱਕੀ ਹੈ, ਨਹੀਂ ਤਾਂ ਹੁਣ ਉਸ ਨੂੰ ਸਖ਼ਤ ਸਜ਼ਾ ਦਿੱਤੀ ਜਾਂਦੀ। ਬੱਚੀ ਦੇ ਪਰਿਵਾਰ ਨੇ ਕਿਹਾ ਕਿ ਉਨ੍ਹਾਂ ਨੂੰ ਤਸੱਲੀ ਹੈ ਕਿ ਕਾਤਲ ਦਾ ਪਤਾ ਤਾਂ ਲੱਗ ਗਿਆ ਜਦਕਿ ਉਨ੍ਹਾਂ ਨੂੰ ਲੱਗਦਾ ਸੀ ਕਿ ਸ਼ਾਇਦ ਇਹ ਕਤਲ ਕੇਸ ਸੁਲਝ ਹੀ ਨਹੀਂ ਸਕੇਗਾ। ਉਨ੍ਹਾਂ ਅਪੀਲ ਕੀਤੀ ਕਿ ਕੈਨੇਡਾ ਸਰਕਾਰ ਨੂੰ ਵੀ ਡੀ. ਐੱਨ. ਏ. ਜਾਂਚ ਦੀ ਇਹ ਨਵੀਂ ਤਕਨੀਕ ਦੇਸ਼ ਵਿਚ ਸ਼ੁਰੂ ਕਰਨੀ ਚਾਹੀਦੀ ਹੈ ਤਾਂ ਕਿ ਕਿਸੇ ਹੋਰ ਕਾਤਲ ਨੂੰ ਬਚਣ ਦਾ ਮੌਕਾ ਨਾ ਮਿਲ ਸਕੇ। 

Lalita Mam

This news is Content Editor Lalita Mam