ਕੈਨੇਡਾ 'ਚ ਪੰਜਾਬੀਆਂ ਦੀ ਬੱਲੇ-ਬੱਲੇ, ਬਰੈਂਪਟਨ ਚੋਣਾਂ 'ਚ ਝੰਡੇ ਗੱਡਣ ਦੀਆਂ ਹੋਈਆਂ ਤਿਆਰੀਆਂ

10/12/2018 2:56:45 PM

ਬਰੈਂਪਟਨ— ਓਂਟਾਰੀਓ 'ਚ ਪੰਜਾਬੀ ਬਹੁਲਤਾ ਵਾਲੇ ਸ਼ਹਿਰ ਬਰੈਂਪਟਨ ਦੀਆਂ ਵੱਖ-ਵੱਖ 5 ਸੀਟਾਂ ਤੋਂ ਆਉਣ ਵਾਲੇ ਸਾਰੇ ਮੈਂਬਰ ਆਫ ਪਾਰਲੀਮੈਂਟ ਪੰਜਾਬੀ ਹਨ। ਹੁਣ ਪੰਜਾਬੀਆਂ ਦੀ ਨਜ਼ਰ ਸਿਟੀ ਕੌਂਸਲਿੰਗ 'ਤੇ ਹੈ। ਬਰੈਂਪਟਨ ਅਤੇ ਇਸ ਦੇ ਨੇੜਲੇ ਛੋਟੇ-ਛੋਟੇ ਸ਼ਹਿਰਾਂ 'ਚ ਵੱਖ-ਵੱਖ ਸਿਟੀ ਕੌਂਸਲਰਸ, ਰੀਜਨਲ (ਖੇਤਰੀ) ਕੌਂਸਲਰਸ ਅਤੇ ਸਕੂਲ ਬੋਰਡ ਦੇ ਟਰੱਸਟੀ ਦੇ ਅਹੁਦਿਆਂ ਲਈ ਪੰਜਾਬੀ ਮੂਲ ਦੇ 36 ਉਮੀਦਵਾਰ ਆਪਣੀ ਕਿਸਮਤ ਅਜਮਾਉਣ ਲਈ ਖੜ੍ਹੇ ਹਨ। ਬਰੈਂਪਟਨ ਅਤੇ ਗ੍ਰੇਟਰ ਟੋਰਾਂਟੋ ਏਰੀਆ ਸ਼ਹਿਰਾਂ 'ਚ 22 ਅਕਤੂਬਰ ਨੂੰ ਵੋਟਿੰਗ ਹੋਵੇਗੀ ਅਤੇ ਅੱਜ-ਕੱਲ ਚੋਣ ਪ੍ਰਚਾਰ ਜ਼ੋਰਾਂ 'ਤੇ ਚੱਲ ਰਿਹਾ ਹੈ। ਬਰੈਂਪਟਨ ਦੇ ਇਲਾਵਾ ਟੋਰਾਂਟੋ, ਸਕਾਰਬੋਰੋ, ਮਿਸੀਸਾਗਾ, ਮਰਖਨ, ਨਾਰਥ ਯਾਰਕ ਅਤੇ ਵਾਘਨ 'ਚ ਵੀ ਚੋਣਾਂ ਹੋਣੀਆਂ ਹਨ।


ਇਕ ਸੀਟ 'ਤੇ 10 'ਚੋਂ 7 ਉਮੀਦਵਾਰ ਪੰਜਾਬੀ— 
ਬਰੈਂਪਟਨ ਦੇ ਵਾਰਡ ਨੰਬਰ 9 ਅਤੇ 10 ਤੋਂ ਚੋਣਾਂ ਲੜ ਰਹੇ 10 ਉਮੀਦਵਾਰਾਂ 'ਚੋਂ 7 ਪੰਜਾਬੀ ਹਨ। ਜਿਨ੍ਹਾਂ 'ਚ ਮੰਗਲਜੀਤ ਡੱਬ, ਧਰਮਵੀਰ ਗੋਹਿਲ, ਮਹਿੰਦਰ ਗੁਪਤਾ, ਰੋਹਿਤ ਸਿੱਧੂ, ਹਰਕੀਰਤ ਸਿੰਘ ਸਿਟੀ ਕੌਂਸਲਰ ਲਈ ਖੜੇ ਹਨ ਅਤੇ  ਰੀਜਨਲ ਕੌਂਸਲਿੰਗ ਲਈ ਮੈਦਾਨ 'ਚ ਰਾਜਬੀਰ ਕੌਰ, ਹਰਨੇਕ ਰਾਏ, ਗੁਰਪ੍ਰੀਤ ਢਿੱਲੋਂ ਅਤੇ ਵਿੱਕੀ ਢਿੱਲੋਂ ਖੜ੍ਹੇ ਹਨ। ਉੱਥੇ ਹੀ ਫੈਡਰਲ ਸਰਕਾਰ 'ਚ ਮੰਤਰੀ ਰਹੇ ਬਲ ਗੋਸਲ ਅਜਿਹੇ ਪਹਿਲੇ ਅਤੇ ਇਕੱਲੇ ਪੰਜਾਬੀ ਉਮੀਦਵਾਰ ਹਨ ਜੋ ਬਰੈਂਪਟਨ ਮੇਅਰ ਦੇ ਅਹੁਦੇ ਲਈ ਵਰਤਮਾਨ ਮੇਅਰ ਲਿੰਦਾ ਜੈਫਰੀ ਦਾ ਮੁਕਾਬਲਾ ਕਰ ਰਹੇ ਹਨ। 
ਇਸ ਵਾਰ ਦੀਆਂ ਚੋਣਾਂ ਵਧੇਰੇ ਦਿਲਚਸਪ ਹਨ। ਥਾਂ-ਥਾਂ 'ਤੇ ਪੰਜਾਬੀ ਉਮੀਦਵਾਰਾਂ ਵਲੋਂ ਵੋਟਿੰਗ ਅਪੀਲ ਵਾਲੇ ਬੋਰਡ ਲੱਗੇ ਹੋਏ ਹਨ ਅਤੇ ਪੰਜਾਬੀ ਭਾਈਚਾਰੇ 'ਚ ਇਸ ਗੱਲ ਨੂੰ ਲੈ ਕੇ ਉਤਸ਼ਾਹ ਹੈ। ਕਈ ਥਾਵਾਂ 'ਤੇ ਪੰਜਾਬੀ ਹੀ ਪੰਜਾਬੀਆਂ ਦੇ ਵਿਰੁੱਧ ਖੜ੍ਹੇ ਹਨ ਅਤੇ ਨਤੀਜਿਆਂ 'ਚ ਬੱਲੇ-ਬੱਲੇ ਕਰਵਾਉਣ ਦੀਆਂ ਤਿਆਰੀਆਂ ਕਰ ਰਹੇ ਹਨ।