ਯਾਦਗਾਰੀ ਹੋ ਨਿੱਬੜੀਆਂ 31ਵੀਆਂ 'ਆਸਟ੍ਰੇਲੀਆਈ ਸਿੱਖ ਖੇਡਾਂ'

04/03/2018 10:01:08 AM

ਮੈਲਬੌਰਨ(ਮਨਦੀਪ ਸਿੰਘ ਸੈਣੀ)— ਬੀਤੇ ਐਤਵਾਰ ਨੂੰ ਆਸਟ੍ਰੇਲੀਆ ਦੇ ਖੂਬਸੂਰਤ ਸ਼ਹਿਰ ਸਿਡਨੀ ਵਿਚ ਸਾਲਾਨਾ 31 ਵੀਆਂ ਸਿੱਖ ਖੇਡਾਂ ਸਫਲਤਾਪੂਰਵਕ ਸਮਾਪਤ ਹੋ ਗਈਆਂ। ਇਸ ਖੇਡ ਮੇਲੇ ਵਿਚ ਨਿਊਜ਼ੀਲੈਂਡ, ਮਲੇਸ਼ੀਆ, ਕੈਨੇਡਾ, ਅਮਰੀਕਾ, ਭਾਰਤ, ਸਿਡਨੀ, ਮੈਲਬੌਰਨ, ਬ੍ਰਿਸਬੇਨ, ਐਡੀਲੇਡ, ਵੁੱਲਗੂਲਗਾ ਸਮੇਤ ਵੱਖ-ਵੱਖ ਦੇਸ਼ਾਂ ਅਤੇ ਸ਼ਹਿਰਾਂ ਤੋਂ 2925 ਖਿਡਾਰੀਆਂ ਨੇ ਹਿੱਸਾ ਲਿਆ। ਸਿਡਨੀ ਦੇ ਖੇਡ ਮੈਦਾਨਾਂ ਚ ਕਬੱਡੀ, ਵਾਲੀਬਾਲ, ਫੁੱਟਬਾਲ, ਕ੍ਰਿਕਟ, ਟੈਨਿਸ, ਨੈੱਟਬਾਲ, ਬਾਸਕਟਬਾਲ, ਹਾਕੀ ਆਦਿ ਦੇ ਮੁਕਾਬਲੇ ਕਰਵਾਏ ਗਏ।
ਕਬੱਡੀ ਦਾ ਫਾਈਨਲ ਮੁਕਾਬਲਾ, ਜੋ ਕਿ ਸਿੰਘ ਸਭਾ ਸਪੋਰਟਸ ਕਲੱਬ ਮੈਲਬੋਰਨ ਅਤੇ ਸ਼ਹੀਦ ਬਾਬਾ ਦੀਪ ਸਿੰਘ ਕਲੱਬ ਵੁੱਲਗੂਲਗਾ ਦਰਮਿਆਨ ਖੇਡਿਆ ਜਾਣਾ ਸੀ, ਪਰ ਆਸਟ੍ਰੇਲੀਅਨ ਸਿੱਖ ਕਮੇਟੀ ਵੱਲੋਂ ਖੇਡਾਂ ਨੂੰ ਪੂਰਨ ਤੌਰ 'ਤੇ ਨਸ਼ਾ ਮੁਕਤ ਕਰਨ ਦੇ ਮੰਤਵ ਨਾਲ ਲਾਗੂ ਕੀਤੇ 'ਡੋਪ ਟੈਸਟ' ਵਿਚ ਕੁਝ ਅੰਤਰਰਾਸ਼ਟਰੀ ਕਬੱਡੀ ਖਿਡਾਰੀਆਂ ਵੱਲੋਂ ਇਨਕਾਰੀ ਹੋਣ ਕਰਕੇ ਇਹ ਮੁਕਾਬਲਾ ਨਾ ਹੋ ਸਕਿਆ। ਕੁਝ ਦਰਸ਼ਕਾਂ ਵੱਲੋਂ ਕਬੱਡੀ ਦਾ ਫਾਈਨਲ ਮੁਕਾਬਲਾ ਨਾ ਕਰਵਾਏ ਜਾਣ 'ਤੇ ਨਾਰਾਜ਼ਗੀ ਜ਼ਾਹਿਰ ਕੀਤੀ ਗਈ ਪਰ ਵੱਡੀ ਗਿਣਤੀ ਵਿਚ ਦਰਸ਼ਕਾਂ ਨੇ ਸਿੱਖ ਖੇਡਾਂ ਨੂੰ ਮੁਕੰਮਲ ਤੌਰ 'ਤੇ 'ਨਸ਼ਾ ਰਹਿਤ' ਕਰਵਾਉਣ ਦੇ ਫੈਸਲੇ ਦਾ ਸਵਾਗਤ ਕੀਤਾ। ਇਨ੍ਹਾਂ ਖੇਡਾਂ ਵਿਚ ਕਬੱਡੀ ਤੋਂ ਇਲਾਵਾ ਫੁੱਟਬਾਲ ਅਤੇ ਹਾਕੀ ਖਿਡਾਰੀਆਂ ਦੇ ਡੋਪ ਟੈਸਟ ਵੀ ਕੀਤੇ ਗਏ।
ਪ੍ਰਾਪਤ ਹੋਏ ਖੇਡ ਨਤੀਜਿਆਂ ਮੁਤਾਬਕ ਪ੍ਰੀਮੀਅਰ ਸਾਕਰ ਮੁਕਾਬਲਿਆਂ ਵਿਚ ਨਿਊ ਫਾਰਮ ਦੀ ਟੀਮ ਨੂੰ ਪਹਿਲਾ ਤੇ ਵੈਸਟ ਸਿਡਨੀ ਯੂਨਾਈਟਡ ਦੀ ਟੀਮ ਨੂੰ ਦੂਜਾ ਦਰਜਾ ਪ੍ਰਾਪਤ ਹੋਇਆ। ਸਾਕਰ ਡਵੀਜ਼ਨ 1 ਮੁਕਾਬਲਿਆਂ ਵਿਚ ਸਿਡਨੀ ਖਾਲਸਾ ਨੇ ਪਹਿਲਾ ਸਥਾਨ ਹਾਸਿਲ ਕੀਤਾ। ਹਾਕੀ ਦੇ ਮੁਕਾਬਲੇ ਵਿਚ ਮਲੇਸ਼ੀਆ ਅਤੇ ਕ੍ਰਿਕਟ ਵਿਚ ਬ੍ਰਿਸਬੇਨ ਦੀ ਟੀਮ ਦੀ ਸਰਦਾਰੀ ਰਹੀ। ਬਾਸਕਟਬਾਲ ਵਿਚ ਵੈਸਟ ਸਿਡਨੀ ਯੂਨਾਈਟਡ ਦੀ ਟੀਮ ਨੇ ਨਿਊਜ਼ੀਲੈਂਡ ਨੂੰ ਹਰਾ ਕੇ ਜੇਤੂ ਖਿਤਾਬ ਹਾਸਿਲ ਕੀਤਾ। ਸਿੱਖ ਖੇਡਾਂ ਦੌਰਾਨ ਪੰਜ-ਆਬ ਰੀਡਿੰਗ ਗਰੁੱਪ ਆਸਟ੍ਰੇਲੀਆ ਵੱਲੋਂ ਪੁਸਤਕ ਪ੍ਰਦਰਸ਼ਨੀ ਵੀ ਲਗਾਈ ਗਈ, ਜਿਸ ਵਿਚ ਸਾਹਿਤ ਪ੍ਰੇਮੀਆਂ ਨੇ ਸਾਹਿਤ ਪ੍ਰਤੀ ਖਾਸ ਰੁਚੀ ਵਿਖਾਈ। ਪੰਜਾਬੀ ਮੀਡੀਆ ਕਾਨਫਰੰਸ ਵਿਚ ਪੱਤਰਕਾਰੀ ਦੇ ਖੇਤਰ ਵਿਚ ਆ ਰਹੀਆਂ ਦਰਪੇਸ਼ ਮੁਸ਼ਕਲਾਂ ਅਤੇ ਸਿੱਖ ਫੋਰਮ ਵਿਚ ਸਿੱਖ ਮਸਲਿਆਂ 'ਤੇ ਉਸਾਰੂ ਚਰਚਾ ਕੀਤੀ ਗਈ।
ਤਿੰਨ ਦਿਨਾਂ ਚੱਲੇ ਇਸ ਖੇਡ ਮੇਲੇ ਵਿਚ ਆਸਟ੍ਰੇਲੀਆ ਅਤੇ ਵੱਖ-ਵੱਖ ਦੇਸ਼ਾਂ ਤੋਂ ਕਰੀਬ 90,000 ਦਰਸ਼ਕਾਂ ਨੇ ਹਾਜ਼ਰੀ ਭਰ ਕੇ ਖੇਡਾਂ ਦਾ ਆਨੰਦ ਮਾਣਿਆ। ਸਿਡਨੀ ਵਾਸੀਆਂ ਵਲੋਂ ਖੇਡ ਮੇਲੇ ਦੌਰਾਨ ਆਏ ਹੋਏ ਖੇਡ ਪ੍ਰੇਮੀਆਂ, ਖਿਡਾਰੀਆਂ ਅਤੇ ਮਹਿਮਾਨਾਂ ਦੀ ਵਿਸ਼ੇਸ਼ ਪ੍ਰਾਹੁਣਚਾਰੀ ਅਤੇ ਸੁਚੱਜੇ ਪ੍ਰਬੰਧ ਚਰਚਾ ਦਾ ਵਿਸ਼ਾ ਰਹੇ। 'ਰੂਹ ਪੰਜਾਬ ਦੀ ਭੰਗੜਾ' ਅਕਾਦਮੀ ਵੱਲੋਂ ਪੇਸ਼ ਕੀਤੇ ਲੋਕ ਨਾਚ ਗਿੱਧਾ-ਭੰਗੜਾ, ਪੰਜਾਬੀ ਸੱਥ, ਸੱਭਿਆਚਾਰਕ ਵੰਨਗੀਆਂ ਅਤੇ ਪੰਜਾਬੀ ਵਿਚ ਲਿਖੀਆਂ ਸੂਚਨਾ ਤਖਤੀਆਂ ਦਰਸ਼ਕਾਂ ਦੀ ਖਿੱਚ ਦਾ ਕੇਂਦਰ ਸੀ। ਇਨ੍ਹਾਂ ਖੇਡਾਂ ਵਿਚ ਸੂਬਾ ਅਤੇ ਸੰਘੀ ਸਰਕਾਰ ਦੇ ਸੰਸਦ ਮੈਂਬਰਾਂ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਵੀ ਹਾਜ਼ਰੀ ਭਰੀ। ਸੰਗਤਾਂ ਨੂੰ ਖੇਡ ਮੈਦਾਨਾਂ ਤੱਕ ਪਹੁੰਚਾਉਣ ਲਈ ਵਿਸ਼ੇਸ਼ ਬੱਸਾਂ ਦਾ ਇੰਤਜ਼ਾਮ ਕੀਤਾ ਗਿਆ ਸੀ। ਜ਼ਿਕਰਯੋਗ ਹੈ ਕਿ ਦੁਨੀਆਂ ਭਰ ਦੇ ਪੰਜਾਬੀ ਮੀਡੀਆ ਦੇ ਨੁੰਮਾਇੰਦਿਆਂ ਨੇ ਇਨ੍ਹਾਂ ਖੇਡਾਂ ਦੀ ਵਿਸ਼ੇਸ਼ ਕਵਰੇਜ਼ ਕਰਕੇ ਆਪਣੀ ਜ਼ਿੰਮੇਵਾਰੀ ਬਾਖੂਬੀ ਨਿਭਾਈ। 2019 ਦੀਆਂ ਸਿੱਖ ਖੇਡਾਂ ਮੈਲਬੋਰਨ ਵਿਚ ਕਰਵਾਉਣ ਦੇ ਫੈਸਲੇ ਨਾਲ ਇਹ ਖੇਡ ਮੇਲਾ ਸਫਲਤਾ ਪੂਰਵਕ ਸਮਾਪਤ ਹੋਇਆ। ਇਸ ਖੇਡ ਮੇਲੇ ਨੂੰ ਸਫਲ ਬਣਾਉਣ ਵਿਚ ਸਿਡਨੀ ਵਾਸੀਆਂ, ਬਾਠਲਾ ਗਰੁੱਪ ਤੇ ਸਥਾਨਕ ਕਮੇਟੀਆਂ ਦਾ ਵਿਸ਼ੇਸ਼ ਯੋਗਦਾਨ ਰਿਹਾ।