31ਵੀਆਂ ''ਆਸਟ੍ਰੇਲੀਆ ਸਿੱਖ ਖੇਡਾਂ'' ਦਾ ਸਿੱਖ ਮਰਿਆਦਾ ਅਨੁਸਾਰ ਹੋਇਆ ਆਗਾਜ਼

03/31/2018 3:59:08 PM

ਸਿਡਨੀ— ਆਸਟ੍ਰੇਲੀਆ ਦੇ ਪੰਜਾਬੀ ਭਾਈਚਾਰੇ ਵੱਲੋਂ ਕੌਮੀ ਪੱਧਰ 'ਤੇ ਆਯੋਜਿਤ ਹੋਣ ਵਾਲੀਆਂ 31ਵੀਆਂ ਸਲਾਨਾ ਸਿੱਖ ਖੇਡਾਂ ਦਾ ਸ਼ੁੱਕਰਵਾਰ ਤੋਂ ਕਰੈਸਟ ਸਪੋਰਟਿੰਗ ਕੰਪਲੈਕਸ ਵਿਚ ਸਿੱਖ ਮਰਿਆਦਾ ਮੁਤਾਬਕ ਆਗਾਜ਼ ਹੋ ਗਿਆ ਹੈ। ਸ਼ੁੱਕਰਵਾਰ ਸਵੇਰ ਤੋਂ ਹੀ ਖੇਡ ਮੈਦਾਨ ਵਿਚ ਸਿੱਖ ਸੰਗਤ ਅਤੇ ਦਰਸ਼ਕ ਇਕੱਠੇ ਹੋਣੇ ਸ਼ੁਰੂ ਹੋ ਗਏ ਸਨ। ਵੱਖ-ਵੱਖ ਸ਼ਹਿਰਾਂ ਤੋਂ ਭਾਰੀ ਗਿਣਤੀ ਵਿਚ ਪਹੁੰਚੇ ਖਿਡਾਰੀ, ਪ੍ਰਬੰਧਕ ਅਤੇ ਦਰਸ਼ਕ ਵੀ ਸ਼ਾਮਲ ਹੋਏ। ਇਸ ਮੌਕੇ ਆਈ ਹੋਈ ਸੰਗਤ ਦੇ ਸਵਾਗਤ ਲਈ ਵੱਡਾ ਪੰਡਾਲ ਲਗਾ ਕੇ ਲੰਗਰ ਦਾ ਵੀ ਪ੍ਰਬੰਧ ਕੀਤਾ ਗਿਆ ਹੈ। ਖੇਡ ਪ੍ਰਬੰਧਕਾਂ ਮੁਤਾਬਕ ਇਨ੍ਹਾਂ ਖੇਡਾਂ ਵਿਚ 70 ਹਜ਼ਾਰ ਤੋਂ ਜ਼ਿਆਦਾ ਸਿੱਖ ਸੰਗਤ ਅਤੇ ਦਰਸ਼ਕ ਸ਼ਾਮਲ ਹੋਣਗੇ।
ਇਨ੍ਹਾਂ ਖੇਡਾਂ ਵਿਚ 69 ਆਸਟ੍ਰੇਲੀਅਨ ਅਤੇ 9 ਵਿਦੇਸ਼ੀ ਕਲੱਬਾਂ ਦੀ 170 ਟੀਮਾਂ ਅਤੇ ਉਨ੍ਹਾਂ ਦੇ 2500 ਖਿਡਾਰੀ ਆਪਣਾਂ ਜ਼ੋਰ ਦਿਖਾਉਣਗੇ। ਪਹਿਲੇ ਦਿਨ ਹੋਈਆਂ ਖੇਡਾਂ ਵਿਚ ਪੰਜਾਬੀਆਂ ਦੀ ਜੱਦੀ ਖੇਡ ਕਬੱਡੀ, ਹਾਕੀ ਨੈਟਬਾਲ, ਫੁੱਟਬਾਲ ਦੇ ਮੁਕਾਬਲੇ ਹੋਏ। ਨੈਟਬਾਲ ਬੇਕਸਟਾਵਨ ਸਟੇਡੀਅਮ ਵਿਚ ਅਤੇ ਟੈਨਿਸ ਡੇਵਰਲ ਪਾਰਕ ਵਿਚ ਖੇਡੀ ਗਈ। ਏ.ਐਨ.ਐਸ.ਐਸ.ਐਸ.ਈ.ਸੀ ਵੱਲੋਂ ਕਰਾਈਆਂ ਜਾ ਰਹੀਆਂ ਇਨ੍ਹਾਂ 3 ਦਿਨੀਂ ਖੇਡਾਂ ਵਿਚ ਸ਼ਨੀਵਾਰ ਨੂੰ ਦੌੜ, ਉਚੀ ਛਾਲ, ਲੰਬੀ ਛਾਲ ਆਦਿ ਹੋਵੇਗੀ। ਫੁੱਟਬਾਲ ਕੀ ਖੇਡ ਕ੍ਰਿਸ਼ਟ ਸਟੇਡੀਅਮ ਵਿਚ ਖੇਡੀ ਜਾਵੇਗੀ ਅਤੇ ਵਾਲੀਬਾਲ ਦੇ ਮੈਚ ਬੈਕਟੋਡ ਸਟੇਡੀਅਮ ਵਿਚ ਐਤਵਾਰ ਤੱਕ ਚੱਲਣਗੇ। ਸ਼ਨੀਵਾਰ ਨੂੰ ਰਸਮੀ ਉਦਘਾਟਨ ਸਵੇਰੇ 11 ਵਜੇ ਤੋਂ ਦੁਪਹਿਰ 1 ਵਜੇ ਤੱਕ ਚੱਲੇਗਾ। ਗਲੈਨਵੁੱਡ ਸਿੱਖ ਗੁਰਦੁਆਰੇ ਵਿਚ ਸ਼ਬਦ ਕੀਰਤਨ ਸ਼ਾਮ ਨੂੰ 6 ਵਜੇ ਤੱਕ ਹੋਵੇਗਾ। ਕਿੰਗਸ ਸਕੂਲ ਦੇ ਵੱਡੇ ਮੈਦਾਨ ਵਿਚ ਸ਼ਾਮ ਨੂੰ 7 ਵਜੇ ਤੋਂ 11 ਵਜੇ ਤੱਕ ਸਿਰਫ ਸੱਭਿਆਚਾਰਕ ਪ੍ਰੋਗਰਾਮ ਦਾ ਆਯੋਜਨ ਹੋਵੇਗਾ।