ਟਰੰਪ ਲਈ ਖੜ੍ਹੀ ਹੋ ਰਹੀ ਵੱਡੀ ਚਿੰਤਾ, ਸ਼ਿਕਾਗੋ ''ਚ 30 ਹਜ਼ਾਰ ਲੋਕਾਂ ਨੇ ਕੀਤਾ ਪ੍ਰਦਰਸ਼ਨ

06/07/2020 1:07:47 PM

ਸ਼ਿਕਾਗੋ- ਅਮਰੀਕਾ ਵਿਚ ਪੁਲਸ ਹਿਰਾਸਤ ਵਿਚ ਮਾਰੇ ਗਏ ਗੈਰ-ਗੋਰੇ ਵਿਅਕਤੀ ਜਾਰਜ ਫਲਾਇਡ ਲਈ ਨਿਆਂ ਮੰਗਣ ਲਈ ਪੂਰੀ ਦੁਨੀਆ ਪ੍ਰਦਰਸ਼ਨ ਕਰ ਰਹੀ ਹੈ। ਇਸ ਸਭ ਦਾ ਨਵੰਬਰ ਮਹੀਨੇ ਹੋਣ ਵਾਲੀਆਂ ਅਮਰੀਕੀ ਰਾਸ਼ਟਰਪਤੀ ਚੋਣਾਂ 'ਤੇ ਕਾਫੀ ਪ੍ਰਭਾਵ ਪੈਣ ਵਾਲਾ ਹੈ। ਰਾਸ਼ਟਰਪਤੀ ਚੋਣਾਂ ਹੋਣ ਵਿਚ ਕੁਝ ਮਹੀਨੇ ਹੀ ਬਚੇ ਹਨ ਪਰ ਹਿੰਸਕ ਪ੍ਰਦਰਸ਼ਨਾਂ ਨੂੰ ਰੋਕਣ ਵਿਚ ਟਰੰਪ ਸਰਕਾਰ ਨੂੰ ਚੁਣੌਤੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਨ੍ਹਾਂ ਪ੍ਰਦਰਸ਼ਨਾਂ ਦਾ ਪ੍ਰਭਾਵ ਟਰੰਪ ਦੀ ਵੋਟ ਬੈਂਕ 'ਤੇ ਪੈ ਸਕਦਾ ਹੈ। 

ਸ਼ਨੀਵਾਰ ਨੂੰ ਸ਼ਿਕਾਗੋ ਵਿਚ ਲਗਭਗ 30 ਹਜ਼ਾਰ ਲੋਕਾਂ ਨੇ 'ਬਲੈਕ ਲਾਈਵਜ਼ ਮੈਟਰ' ਪ੍ਰਦਰਸ਼ਨ ਵਿਚ ਹਿੱਸਾ ਲਿਆ। ਅਮਰੀਕੀ ਪੁਲਸ ਦੀ ਹਿਰਾਸਤ ਵਿਚ ਮਾਰੇ ਗਏ ਗੈਰ-ਗੋਰੇ ਅਫਰੀਕੀ ਮੂਲ ਦੇ ਨਾਗਰਿਕ ਜਾਰਜ ਫਲਾਇਡ ਲਈ ਨਿਆਂ ਮੰਗਦੇ ਹੋਏ ਲੋਕ ਪ੍ਰਦਰਸ਼ਨ ਕਰ ਰਹੇ ਸਨ। 
ਵੈਸਟ ਸਾਈਡ ਪਾਰਕ ਅੱਗੇ ਖੜ੍ਹੇ ਹੋ ਕੇ ਲੋਕਾਂ ਨੇ ਨਿਆਂ ਦੀ ਮੰਗ ਕੀਤੀ ਅਤੇ ਪੁਲਸ ਦੇ ਤਸ਼ੱਦਦ ਦਾ ਵਿਰੋਧ ਕੀਤਾ। ਇਸ ਦੌਰਾਨ ਹਜ਼ਾਰਾਂ ਲੋਕ 14ਵੇਂ ਜ਼ਿਲ੍ਹਾ ਪੁਲਸ ਸਟੇਸ਼ਨ ਅੱਗੇ ਖੜ੍ਹੇ ਹੋ ਕੇ "ਸਾਈਲੰਟ ਕੋਪਸ ਆਰ ਗਿਲਟੀ, ਟੂ" ਦੇ ਨਾਅਰੇ ਲਗਾ ਰਹੇ ਸਨ, ਉਨ੍ਹਾਂ ਦਾ ਕਹਿਣਾ ਹੈ ਕਿ ਜਿਹੜੇ ਪੁਲਸ ਵਾਲੇ ਚੁੱਪ ਰਹੇ, ਉਹ ਵੀ ਦੋਸ਼ੀ ਹਨ। ਮੀਡੀਆ ਮੁਤਾਬਕ ਪ੍ਰਦਰਸ਼ਨ ਸ਼ਾਂਤੀ ਨਾਲ ਕੀਤਾ ਗਿਆ।
 
ਜ਼ਿਕਰਯੋਗ ਹੈ ਕਿ 25 ਮਈ ਨੂੰ 46 ਸਾਲਾ ਜਾਰਜ ਫਲਾਇਡ ਕੋਲੋਂ ਨਕਲੀ ਨੋਟ ਮਿਲਣ ਦੇ ਬਾਅਦ ਪੁਲਸ ਅਧਿਕਾਰੀ ਨੇ ਉਸ ਨੂੰ ਗੋਡੇ ਹੇਠ ਦੱਬੀ ਰੱਖਿਆ। ਜਾਰਜ ਨੇ ਵਾਰ-ਵਾਰ ਕਿਹਾ ਕਿ ਉਸ ਨੂੰ ਸਾਹ ਨਹੀਂ ਆ ਰਿਹਾ ਪਰ ਫਿਰ ਵੀ ਪੁਲਸ ਵਾਲੇ ਨੇ ਉਸ ਨੂੰ ਛੱਡਿਆ ਨਹੀਂ ਤੇ ਜਾਰਜ ਦੀ ਮੌਤ ਹੋ ਗਈ। ਇਸ ਨਸਲੀ ਹਮਲੇ ਨੇ ਅਮਰੀਕਾ ਸਣੇ ਦੁਨੀਆ ਦੇ ਕਈ ਦੇਸ਼ਾਂ ਨੂੰ ਹਿਲਾ ਕੇ ਰੱਖ ਦਿੱਤਾ। 

Lalita Mam

This news is Content Editor Lalita Mam