ਕੈਨੇਡਾ ਰਹਿੰਦੇ ਪੰਜਾਬੀ ਪਰਿਵਾਰ ਦੀ ਜ਼ਿੰਦਗੀ ''ਚ ਆਇਆ ਭੂਚਾਲ, ਹੱਸਦੀ-ਖੇਡਦੀ 3 ਸਾਲਾ ਬੱਚੀ ਗਈ ਮੌਤ ਦੇ ਮੂੰਹ ''ਚ (ਤਸਵੀਰਾਂ)

02/18/2017 6:18:58 PM

ਐਬਟਸਫੋਰਡ— ਕੈਨੇਡਾ ਰਹਿੰਦੇ ਪੰਜਾਬੀ ਪਰਿਵਾਰ ਦੀ ਜ਼ਿੰਦਗੀ ਵਿਚ ਉਸ ਸਮੇਂ ਭੂਚਾਲ ਆ ਗਿਆ ਜਦੋਂ ਉਨ੍ਹਾਂ ਦੀ ਹੱਸਦੀ-ਖੇਡਦੀ 3 ਸਾਲਾ ਧੀ ਉਨ੍ਹਾਂ ਦੇ ਹੱਥਾਂ ਵਿਚ ਮੌਤ ਦੇ ਮੂੰਹ ਵਿਚ ਚਲੀ ਗਈ ਅਤੇ ਉਹ ਕੁਝ ਨਹੀਂ ਕਰ ਸਕੇ। 3 ਸਾਲਾ ਨਿਮਰਤ ਕੌਰ ਗਿੱਲ ਦੀ ਮੌਤ 7 ਫਰਵਰੀ ਨੂੰ ਐਬਟਸਫੋਰਡ ਰੀਜਨਲ ਹਸਪਤਾਲ ਵਿਚ ਹੋਈ ਸੀ। ਬੱਚੀ ਦੀ ਇਸ ਤਰ੍ਹਾਂ ਹੋਈ ਮੌਤ ਨੇ ਉਸ ਦੇ ਮਾਪਿਆਂ ਅਤੇ ਪੂਰੇ ਪੰਜਾਬੀ ਭਾਈਚਾਰੇ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਪਰਿਵਾਰ ਦਾ ਦੋਸ਼ ਹੈ ਕਿ ਉਨ੍ਹਾਂ ਦੀ ਬੱਚੀ ਦੀ ਮੌਤ ਹਸਪਤਾਲ ਦੇ ਸਟਾਫ ਦੀ ਅਣਗਹਿਲੀ ਕਾਰਨ ਹੋਈ। 
ਨਿਮਰਤ ਦੀ ਮਾਤਾ ਬਲਰਾਜ ਗਿੱਲ ਅਤੇ ਪਿਤਾ ਅਮਰਿੰਦਰ ਗਿੱਲ ਨੇ ਦੱਸਿਆ ਕਿ 6 ਫਰਵਰੀ ਨੂੰ ਨਿਮਰਤ ਬਹੁਤ ਤੇਜ਼ ਬੁਖਾਰ ਹੋ ਗਿਆ ਸੀ। ਉਹ ਛੇਤੀ ਨਾਲ ਉਸ ਨੂੰ ਐਮਰਜੈਂਸੀ ਵਿਚ ਹਸਪਤਾਲ ਲੈ ਕੇ ਗਏ। ਡਾਕਟਰ ਨੇ ਉਸ ਨੂੰ ਚੈੱਕ ਕੀਤਾ ਅਤੇ ਕਿਹਾ ਕਿ ਬੱਚੀ ਪੂਰੀ ਤਰ੍ਹਾਂ ਠੀਕ ਹੈ ਅਤੇ ਉਹ ਥੋੜ੍ਹੀ-ਥੋੜ੍ਹੀ ਦੇਰ ਬਾਅਦ ਉਸ ਨੂੰ ਟੇਲੇਨੋਲ ਦਿੰਦੇ ਰਹਿਣ। ਉਸ ਰਾਤ ਨਿਮਰਤ ਨੂੰ ਨੀਂਦ ਨਹੀਂ ਆਈ। ਰਾਤ ਨੂੰ ਉਹ ਉਲਟੀਆਂ ਕਰਨ ਲੱਗ ਪਈ ਤਾਂ ਉਸ ਦੇ ਮਾਪੇ ਉਸ ਨੂੰ ਦੂਜੇ ਦਿਨ ਸਵੇਰੇ ਹਸਪਤਾਲ ਲੈ ਕੇ ਗਏ। ਬੱਚੀ ਦੀ ਸਿਹਤ ਇੰਨੀਂ ਖਰਾਬ ਹੋਣ ਦੇ ਬਾਵਜੂਦ ਉਸ ਨੂੰ ਡਾਕਟਰ ਨੇ ਤੁਰੰਤ ਚੈੱਕ ਨਹੀਂ ਕੀਤਾ, ਸਗੋਂ ਉਨ੍ਹਾਂ ਨੂੰ ਇਕ ਘੰਟਾ ਇੰਤਜ਼ਾਰ ਕਰਵਾਇਆ। ਜਦੋਂ ਇਕ ਘੰਟੇ ਬਾਅਦ ਡਾਕਟਰ ਆਇਆ ਤਾਂ ਉਸ ਨੇ ਬੱਚੀ ਨੂੰ ਇਹ ਕਹਿ ਕੇ ਚੈੱਕ ਕਰਨ ਤੋਂ ਇਨਕਾਰ ਕਰ ਦਿੱਤਾ ਕਿ ਉਸ ਦੀ ਸ਼ਿਫਟ ਖਤਮ ਹੋ ਚੁੱਕੀ ਹੈ ਅਤੇ ਅਗਲਾ ਡਾਕਟਰ ਉਸ ਦਾ ਇਲਾਜ ਕਰੇਗਾ। ਅਗਲੇ ਡਾਕਟਰ ਨੇ ਬੱਚੀ ਨੂੰ ਚੈੱਕ ਕੀਤਾ ਅਤੇ ਉਸ ਦੇ ਐਕਸ-ਰੇਅ ਲਏ ਅਤੇ ਕੁਝ ਟੈਸਟ ਕਰਨ ਲਈ ਉਸ ਦਾ ਖੂਨ ਲਿਆ। ਇਸ ਸਭ ਵਿਚ ਇੰਨਾਂ ਸਮਾਂ ਲੱਗਾ ਕਿ ਬੱਚੀ ਇਲਾਜ ਮਿਲਣ ਤੋਂ ਪਹਿਲਾਂ ਹੀ ਦੁਨੀਆ ਨੂੰ ਅਲਵਿਦਾ ਕਹਿ ਗਈ। ਕੈਨੇਡਾ ਵਰਗੇ ਵਿਕਸਿਤ ਦੇਸ਼ ਵਿਚ ਇਸ ਤਰ੍ਹਾਂ ਦੀ ਘਟਨਾ, ਦਿਲ ਨੂੰ ਹਲੂਣ ਕੇ ਰੱਖ ਦਿੰਦੀ ਹੈ, ਜਿੱਥੇ ਇਕ ਮਾਸੂਮ ਬੱਚੀ ਇਲਾਜ ਦੀ ਘਾਟ ਨਹੀਂ ਸਗੋਂ ਡਾਕਟਰਾਂ ਦੀ ਅਣਗਹਿਲੀ ਕਾਰਨ ਹੀ ਦੁਨੀਆ ਛੱਡ ਗਈ। ਉਸ ਦੀ ਮੌਤ ਹੋਣ ਤੋਂ ਬਾਅਦ ਵੀ ਇਕ ਨਰਸ ਉਸ ਦਾ ਖੂਨ ਕੱਢਦੀ ਰਹੀ ਤਾਂ ਬੱਚੀ ਦੀ ਮਾਂ ਦੀ ਛਾਤੀ ''ਤੇ ਛੁਰੀਆਂ ਚੱਲ ਗਈਆਂ। ਬੱਚੀ ਦੇ ਮੌਤ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਫਰੇਜ਼ਰ ਦੀ ਸਿਹਤ ਅਥਾਰਟੀ ਮੌਤ ਦੇ ਕਾਰਨਾਂ ਨੂੰ ਜਾਣਨ ਲਈ ਮਰੀਜ਼ ਸੁਰੱਖਿਆ ਮੁਲਾਂਕਣ ਕਰ ਰਹੀ ਹੈ। ਅਥਾਰਟੀ ਨੇ ਕਿਹਾ ਕਿ ਪੀੜਤ ਪਰਿਵਾਰ ਦਾ ਦੁੱਖ ਦੇਖਿਆ ਨਹੀਂ ਜਾ ਰਿਹਾ।
ਨਿਮਰਤ ਦੀ ਮਾਂ ਬਲਰਾਜ ਦਾ ਕਹਿਣਾ ਹੈ ਕਿ ਉਸ ਦੀ ਬੱਚੀ ਨੂੰ ਬਿਹਤਰ ਇਲਾਜ ਮਿਲ ਸਕਦਾ ਸੀ। ਹੁਣ ਉਹ ਆਪਣੀ ਬੱਚੀ ਲਈ ਇਨਸਾਫ ਚਾਹੁੰਦੀ ਹੈ ਤਾਂ ਜੋ ਅਗਲੀ ਵਾਰ ਕਿਸੇ ਹੋਰ ਪਰਿਵਾਰ ਨੂੰ ਇਸ ਦੁੱਖ ''ਚੋਂ ਨਾ ਲੰਘਣਾ ਪਵੇ। ਬਲਰਾਜ ਨੇ ਕਿਹਾ ਕਿ ਹਸਪਤਾਲਾਂ ਦੇ ਸਟਾਫ ਨੂੰ ਬੱਚਿਆਂ ਪ੍ਰਤੀ ਜ਼ਿਆਦਾ ਧਿਆਨ ਦੇਣ ਦੀ ਲੋੜ ਹੈ। ਘਟਨਾ ਤੋਂ ਦੋ ਦਿਨ ਬਾਅਦ ਹੀ ਨਿਮਰਤ ਦਾ ਜਨਮ ਦਿਨ ਸੀ ਅਤੇ ਉਸ ਦਾ ਪਰਿਵਾਰ ਦਿਲਾਂ ਵਿਚ ਉੱਠ ਰਹੇ ਦਰਦ ਦੇ ਗੁਬਾਰ ਨੂੰ ਲੈ ਕੇ ਘਰ ਦੇ ਕੋਨੇ-ਕੋਨੇ ''ਚ ਉਸ ਦੀਆਂ ਯਾਦਾਂ ਨੂੰ ਤਾਜ਼ਾ ਕਰ ਰਿਹਾ ਸੀ। ਨਿਮਰਤ ਦਾ ਅੰਤਮ ਸੰਸਕਾਰ ਐਤਵਾਰ ਨੂੰ ਫਰੇਜ਼ਰ ਰਿਵਰ ਦੇ ਸ਼ਮਸ਼ਾਨਘਾਟ ਵਿਖੇ 12.30 ਵਜੇ ਕੀਤਾ ਜਾਵੇਗਾ।

Kulvinder Mahi

This news is News Editor Kulvinder Mahi