ਬਰੈਂਪਟਨ 'ਚ 24 ਘੰਟਿਆਂ 'ਚ 3 ਹਾਦਸੇ, ਪੰਜਾਬੀ ਡਰਾਈਵਰ ਚੜ੍ਹੇ ਅੜਿੱਕੇ

06/22/2018 3:57:24 PM

ਬਰੈਂਪਟਨ— ਕੈਨੇਡਾ ਦੇ ਸੂਬੇ ਓਂਟਾਰੀਓ ਦੇ ਸ਼ਹਿਰ ਬਰੈਂਪਟਨ 'ਚ 24 ਘੰਟਿਆਂ 'ਚ 3 ਸੜਕ ਹਾਦਸੇ ਵਾਪਰੇ ਅਤੇ ਇਨ੍ਹਾਂ ਤਿੰਨਾਂ ਮਾਮਲਿਆਂ 'ਚ 3 ਪੰਜਾਬੀ ਡਰਾਈਵਰ ਦੋਸ਼ੀ ਪਾਏ ਗਏ। ਬਰੈਂਪਟਨ ਪੁਲਸ ਨੇ ਪੰਜਾਬੀ ਮੂਲ ਦੇ ਟਰੱਕ ਡਰਾਈਵਰਾਂ 'ਤੇ ਲਾਪਰਵਾਹੀ ਨਾਲ ਡਰਾਈਵਿੰਗ ਕਰਨ ਦੇ ਦੋਸ਼ ਲਗਾਏ ਹਨ।ਇਨ੍ਹਾਂ ਦੁਰਘਟਨਾਵਾਂ 'ਚ ਕੋਈ ਜਾਨੀ ਨੁਕਸਾਨ ਹੋਣ ਤੋਂ ਬਚਾਅ ਰਿਹਾ ਪਰ ਇਕ ਡਰਾਈਵਰ ਦੇ ਹਲਕੀਆਂ ਸੱਟਾਂ ਲੱਗੀਆਂ। ਇਨ੍ਹਾਂ 'ਚੋਂ ਇਕ ਡਰਾਈਵਰ ਕੋਲ ਤਾਂ ਡਰਾਈਵਿੰਗ ਲਈ ਪਰਮਿਟ ਅਤੇ ਇੰਸ਼ੋਰੈਂਸ ਵੀ ਨਹੀਂ ਸੀ ।ਇਹ ਸਾਰੇ ਚਾਰਜ ਹਾਈਵੇਅ ਟ੍ਰੈਫਿਕ ਐਕਟ ਅਧੀਨ ਹਨ। ਇਨ੍ਹਾਂ ਘਟਨਾਵਾਂ 'ਚ ਤਿੰਨ ਪੰਜਾਬੀ ਅੜਿੱਕੇ ਚੜ੍ਹੇ ਹਨ। ਹਾਲਾਂਕਿ ਅਗਲੀ ਕਾਰਵਾਈ ਬਾਰੇ ਕੋਈ ਜਾਣਕਾਰੀ ਨਹੀਂ ਮਿਲ ਸਕੀ ਹੈ।
ਪਹਿਲੀ ਘਟਨਾ (12 ਜੂਨ, 2018) ਮੰਗਲਵਾਰ ਸਵੇਰੇ ਲਗਭਗ 11 ਵਜੇ ਵਾਪਰੀ।ਹਾਈਵੇਅ 401 ਨੇੜੇ ਵਿਕਟੋਰੀਆ ਰੋਡ (ਪੱਛਮੀ ਲੰਡਨ) 'ਤੇ ਨਿਰਮਾਣ ਕਾਰਜ ਚੱਲ ਰਿਹਾ ਸੀ ਅਤੇ ਇੱਥੇ ਇਕ ਟੋਏ 'ਚ ਟਰੈਕਟਰ ਉਲਟ ਗਿਆ। ਇਸ ਦੌਰਾਨ ਟਰੈਕਟਰ ਟਰੇਲਰ ਦਾ ਡਰਾਈਵਰ 30 ਸਾਲਾ ਅਮ੍ਰਿਤਪਾਲ ਵਿਰਕ ਜ਼ਖਮੀ ਹੋ ਗਿਆ। ਉਸ ਨੂੰ ਹਲਕੀਆਂ ਸੱਟਾਂ ਲੱਗੀਆਂ ਅਤੇ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਅਮ੍ਰਿਤਪਾਲ ਵਿਰਕ 'ਤੇ ਬੇਧਿਆਨੀ ਨਾਲ ਵਾਹਨ ਚਲਾਉਣ ਦਾ ਦੋਸ਼ ਲੱਗਾ ਹੈ। ਇਸ ਹਾਦਸੇ ਮਗਰੋਂ 10 ਘੰਟਿਆਂ ਤਕ ਹਾਈਵੇਅ ਬੰਦ ਕਰਨਾ ਪਿਆ ਅਤੇ ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ।

ਮੰਗਲਵਾਰ ਦੀ ਰਾਤ ਨੂੰ ਤਕਰੀਬਨ 11.30 ਵਜੇ ਇਕ ਹੋਰ ਹਾਦਸਾ ਹਾਈਵੇਅ 401 ਦੇ ਨੇੜੇ ਕੈਨੇਸੀਰੇ ਰੋਡ 'ਤੇ ਵਾਪਰਿਆ। ਇਹ ਹਾਦਸਾ ਸਵੇਰੇ ਵਾਪਰੇ ਹਾਦਸੇ ਵਾਲੀ ਥਾਂ ਦੇ ਨੇੜੇ ਹੀ ਹੈ। ਇੱਥੇ 51 ਸਾਲਾ ਗੁਰਦਾਰਸ਼ਾਹ ਢਿੱਲੋਂ ਟਰੈਕਟਰ ਟਰੇਲਰ ਚਲਾ ਰਿਹਾ ਸੀ ਅਤੇ ਇਸ ਦੀ ਇਕ ਵਾਹਨ ਨਾਲ ਟੱਕਰ ਹੋ ਗਈ। ਦੂਜਾ ਵਾਹਨ ਕਿਸੇ ਹੋਰ ਸੜਕ ਹਾਦਸੇ ਕਾਰਨ ਇਕ ਪਾਸੇ ਖੜ੍ਹਾ ਸੀ ਅਤੇ ਢਿੱਲੋਂ ਨੇ ਇਸ 'ਚ ਟਰੈਕਟਰ ਮਾਰਿਆ। ਜਦ ਪੁਲਸ ਮੌਕੇ 'ਤੇ ਪੁੱਜੀ ਤਾਂ ਉਨ੍ਹਾਂ ਜਾਂਚ 'ਚ ਪਾਇਆ ਕਿ ਢਿੱਲੋਂ ਕੋਲ ਡਰਾਈਵਿੰਗ ਇੰਸ਼ੋਰੈਂਸ ਅਤੇ ਪਰਮਿਟ ਨਹੀਂ ਸਨ। ਇਸ ਦੇ ਨਾਲ ਹੀ ਉਸ 'ਤੇ ਗਲਤ ਢੰਗ ਨਾਲ ਵਾਹਨ ਚਲਾਉਣ ਦੇ ਦੋਸ਼ ਲੱਗੇ ਹਨ।
ਇਨ੍ਹਾਂ ਦੋਹਾਂ ਵਾਰਦਾਤਾਂ ਦੇ 24 ਘੰਟੇ ਹੋਣ ਤੋਂ ਪਹਿਲਾਂ ਹੀ ਬੁੱਧਵਾਰ ਤੜਕੇ 5.30 ਵਜੇ ਬਰੈਂਪਟਨ 'ਚ ਇਕ ਹੋਰ ਸੜਕ ਹਾਦਸਾ ਵਾਪਰਿਆ, ਜਿਸ 'ਚ ਇਕ ਹੋਰ ਪੰਜਾਬੀ ਡਰਾਈਵਰ ਦੋਸ਼ੀ ਪਾਇਆ ਗਿਆ। 22 ਸਾਲਾ ਪਰਮਿੰਦਰ ਸਿੰਘ ਆਪਣੇ ਟਰੈਕਟਰ-ਟਰੇਲਰ 'ਚ ਬਲਾਈਂਡ ਰਿਵਰ ਦੇ ਹਾਈਵੇਅ 17 ਨੇੜਿਓਂ ਤੇਜ਼ ਸਪੀਡ 'ਚ ਜਾ ਰਿਹਾ ਸੀ ਅਤੇ ਉਸ ਦਾ ਟਰੈਕਟਰ ਇਕ ਟੋਏ 'ਚ ਡਿੱਗ ਗਿਆ।ਤੁਹਾਨੂੰ ਦੱਸ ਦਈਏ ਕਿ ਕੁੱਝ ਦਿਨ ਪਹਿਲਾਂ ਹੀ ਓਨਟਾਰੀਓ ਪ੍ਰੋਵੀਜ਼ਿਨ ਪੁਲਸ ਨੇ ਜਾਣਕਾਰੀ ਦਿੱਤੀ ਸੀ ਕਿ ਪਿਛਲੇ ਸਾਲ ਨਾਲੋਂ ਇਸ ਸਾਲ ਓਂਟਾਰੀਓ ਹਾਈਵੇਅ 'ਤੇ ਟਰੱਕਾਂ ਕਾਰਨ ਵਧੇਰੇ ਸੜਕ ਹਾਦਸੇ ਵਾਪਰੇ ਹਨ। ਪੁਲਸ ਅਤੇ ਸੜਕ ਵਿਭਾਗ ਵੱਲੋਂ ਲੋਕਾਂ ਨੂੰ ਵਾਰ-ਵਾਰ ਚਿਤਾਵਨੀ ਦਿੱਤੀ ਜਾਂਦੀ ਹੈ। ਇਸ ਦੇ ਬਾਵਜੂਦ ਅਜਿਹੇ ਹਾਦਸੇ ਵਾਪਰ ਰਹੇ ਹਨ।