26/11 ਹਮਲੇ ਨੂੰ ਲੈ ਕੇ ਨਵਾਜ਼ ਸ਼ਰੀਫ ਨੇ ਕਬੂਲਿਆ ਵੱਡਾ ਸੱਚ

05/12/2018 6:02:20 PM

ਇਸਲਾਮਾਬਾਦ— ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੇ ਮੁੰਬਈ 'ਚ ਹੋਏ 26/11 ਅੱਤਵਾਦੀ ਹਮਲੇ ਨੂੰ ਲੈ ਕੇ ਵੱਡਾ ਸੱਚ ਕਬੂਲ ਕੀਤਾ ਹੈ। ਨਵਾਜ਼ ਨੇ ਸ਼ਨੀਵਾਰ ਨੂੰ ਇਕ ਬਿਆਨ ਵਿਚ ਕਿਹਾ ਕਿ ਮੁੰਬਈ 'ਚ 2008 'ਚ ਹੋਏ ਅੱਤਵਾਦੀ ਹਮਲੇ ਦੇ ਪਿੱਛੇ ਪਾਕਿਸਤਾਨ ਦਾ ਹੀ ਹੱਥ ਸੀ। ਨਵਾਜ਼ ਦਾ ਇਹ ਬਿਆਨ ਪਾਕਿਸਤਾਨ ਨੂੰ ਬੇਨਕਾਬ ਕਰਨ ਵਾਲਾ ਹੈ। ਇਸ ਦੇ ਨਾਲ ਹੀ ਨਵਾਜ਼ ਨੇ ਇਹ ਵੀ ਮੰਨਿਆ ਹੈ ਕਿ ਪਾਕਿਸਤਾਨ ਵਿਚ ਅੱਤਵਾਦੀ ਸਮੂਹ ਸਰਗਰਮ ਹਨ। ਨਵਾਜ਼ ਸ਼ਰੀਫ ਨੇ ਇਹ ਗੱਲ ਪਾਕਿਸਤਾਨੀ ਦੇ ਇਕ ਨਿਊਜ਼ ਚੈਨਲ ਨੂੰ ਦਿੱਤੇ ਇੰਟਰਵਿਊ 'ਚ ਕਬੂਲ ਕੀਤੀ ਹੈ। ਜ਼ਿਕਰਯੋਗ ਹੈ ਕਿ 26 ਨਵੰਬਰ 2008 'ਚ ਮੰਬਈ 'ਤੇ ਤਾਜ ਹੋਟਲ ਅਤੇ ਨਾਰੀਮਨ ਹਾਊਸ 'ਤੇ ਲਸ਼ਕਰ-ਏ-ਤੋਇਬਾ ਦੇ 10 ਅੱਤਵਾਦੀਆਂ ਨੇ ਇਕ ਵੱਡੇ ਅੱਤਵਾਦੀ ਹਮਲੇ ਨੂੰ ਅੰਜ਼ਾਮ ਦਿੱਤਾ ਸੀ। ਇਸ ਹਮਲੇ 'ਚ 164 ਲੋਕ ਮਾਰੇ ਗਏ ਸਨ ਅਤੇ 308 ਹੋਰ ਜ਼ਖਮੀ ਹੋ ਗਏ ਸਨ। 
ਇੱਥੇ ਦੱਸ ਦੇਈਏ ਕਿ ਪਾਕਿਸਤਾਨ ਇਸ ਗੱਲ ਤੋਂ ਹਮੇਸ਼ਾ ਇਨਕਾਰ ਕਰਦਾ ਰਿਹਾ ਹੈ ਕਿ 2008 ਦੇ ਮੁੰਬਈ ਹਮਲਿਆਂ ਵਿਚ ਉਸ ਦੀ ਕੋਈ ਭੂਮਿਕਾ ਹੈ। ਵੱਡਾ ਸਵਾਲ ਇਹ ਉਠਦਾ ਹੈ ਕਿ ਜਦੋਂ ਤੱਕ ਨਵਾਜ਼ ਸ਼ਰੀਫ ਕੋਲ ਕੁਰਸੀ ਸੀ, ਉਦੋਂ ਤੱਕ ਉਹ ਅਜਿਹੇ ਸੱਚ ਤੋਂ ਪੱਲਾ ਝਾੜਦੇ ਰਹੇ, ਜਦਕਿ ਭਾਰਤ ਵਾਰ-ਵਾਰ ਕਹਿੰਦਾ ਰਿਹਾ ਹੈ ਕਿ ਇਸ ਹਮਲੇ ਦੇ ਪਿੱਛੇ ਪਾਕਿਸਤਾਨ ਦਾ ਹੀ ਹੱਥ ਰਿਹਾ ਹੈ। ਭਾਰਤ ਵਲੋਂ ਸਬੂਤ ਦੇਣ ਤੋਂ ਬਾਅਦ ਵੀ ਪਾਕਿਸਤਾਨ ਨੇ ਆਪਣੀ ਭੂਮਿਕਾ ਨੂੰ ਕਦੇ ਸਵੀਕਾਰ ਨਹੀਂ ਕੀਤਾ।
ਇੱਥੇ ਦੱਸਣਯੋਗ ਹੈ ਕਿ ਪਨਾਮਾ ਪੇਪਰ ਲੀਕ ਮਾਮਲੇ ਵਿਚ ਨਵਾਜ਼ ਸ਼ਰੀਫ ਦਾ ਨਾਂ ਆਉਣ ਤੋਂ ਬਾਅਦ ਸੁਪਰੀਮ ਕੋਰਟ ਨੇ ਪਿਛਲੇ ਸਾਲ 28 ਜੁਲਾਈ ਨੂੰ ਉਨ੍ਹਾਂ ਨੂੰ ਦੋਸ਼ੀ ਠਹਿਰਾਇਆ ਸੀ। ਜਿਸ ਤੋਂ ਬਾਅਦ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਅਹੁਦੇ ਲਈ ਅਯੋਗ ਕਰਾਰ ਦਿੱਤਾ ਗਿਆ। ਨਵਾਜ਼ ਸ਼ਰੀਫ ਨੂੰ ਪੀ. ਐੱਮ. ਅਹੁਦੇ ਤੋਂ ਅਸਤੀਫਾ ਦੇਣਾ ਪਿਆ।