ਮੱਧ ਨਾਈਜੀਰੀਆ ''ਚ ਤਾਜ਼ਾ ਸੰਘਰਸ਼, 25 ਮਰੇ

03/14/2018 6:08:50 PM

ਲਾਗੋਸ— ਮੱਧ ਨਾਈਜੀਰੀਆ ਦੇ ਇਕ ਪਠਾਰ ਸੂਬੇ ਵਿਚ 25 ਪਿੰਡ ਵਾਸੀਆਂ ਦਾ ਕਤਲ ਕਰ ਦਿੱਤਾ ਗਿਆ। ਅਜਿਹਾ ਮੰਨਿਆ ਜਾ ਰਿਹਾ ਹੈ ਕਿ ਪਸ਼ੂ ਚਰਾਉਣ ਵਾਲਿਆਂ ਨੇ ਇਹ ਕਤਲ ਕੀਤੇ ਹਨ। ਪੁਲਸ ਨੇ ਅੱਜ ਇਹ ਜਾਣਕਾਰੀ ਦਿੱਤੀ। ਹਿੰਸਾ ਦੀਆਂ ਤਾਜ਼ਾ ਘਟਨਾਵਾਂ ਭੂਮੀ, ਪਾਣੀ ਅਤੇ ਚਾਰਗਾਹ ਨਾਲ ਸੰਬੰਧਤ ਹਨ। ਇਹ ਘਟਨਾ ਪਠਾਰ ਸੂਬੇ ਦੇ ਬਾਸਾ ਇਲਾਕੇ ਵਿਚ ਹੋਈ। ਕੁਝ ਦਿਨ ਪਹਿਲਾਂ ਹੀ ਇਸੇ ਇਲਾਕੇ 'ਚ 5 ਲੋਕਾਂ ਨੂੰ ਮਾਰਿਆ ਗਿਆ। ਸੂਬਾ ਪੁਲਸ ਕਮਿਸ਼ਨਰ ਉਨਦਈ ਅਦਈ ਨੇ ਕਿਹਾ, ''ਲੋਕ ਦੁਨਦੁਨ ਤੋਂ ਜ਼ਿਰੇਚੀ ਪਿੰਡ ਵਾਪਸ ਪਰਤ ਰਹੇ ਸਨ ਕਿ ਇਸੇ ਦੌਰਾਨ ਕੁਝ ਬੰਦੂਕਧਾਰੀਆਂ ਨੇ ਉਨ੍ਹਾਂ 'ਤੇ ਹਮਲਾ ਕਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਮੈਂ ਇਸ ਗੱਲ ਦੀ ਪੁਸ਼ਟੀ ਕਰ ਸਕਦਾ ਹਾਂ ਕਿ 25 ਪਿੰਡ ਵਾਸੀਆਂ ਦਾ ਕਤਲ ਕਰ ਦਿੱਤਾ ਗਿਆ, ਜਦਕਿ ਦੋ ਜ਼ਖਮੀ ਹੋਏ ਹਨ। ਹਮਲਾਵਰਾਂ ਨੇ ਕਈ ਘਰਾਂ ਨੂੰ ਸਾੜ ਦਿੱਤਾ।'' 
ਉਨ੍ਹਾਂ ਨੇ ਕਿਹਾ ਕਿ ਇਸ ਸੰਬੰਧ ਵਿਚ ਹੁਣ ਤੱਕ ਕਿਸੇ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ਹੈ। ਇਹ ਇਲਾਕਾ ਪਹਾੜੀ ਹੈ। ਪੁਲਸ ਦੇ ਉੱਥੇ ਪਹੁੰਚਣ ਤੋਂ ਪਹਿਲਾਂ ਹੀ ਹਮਲਾਵਰ ਦੌੜ ਗਏ। ਪੁਲਸ ਕਮਿਸ਼ਨਰ ਨੇ ਕਿਹਾ ਕਿ ਅਸੀਂ ਕਾਤਲਾਂ ਦੀ ਭਾਲ ਲਈ ਮੁਹਿੰਮ ਚਲਾਈ ਹੈ। ਅਸੀਂ ਲੋਕਾਂ ਨੂੰ ਸ਼ਾਂਤੀ ਬਣਾ ਕੇ ਰੱਖਣ ਦੀ ਅਪੀਲ ਕਰਦੇ ਹਾਂ। ਇਹ ਹਿੰਸਾ ਨਵੀਂ ਨਹੀਂ ਹੈ। ਇਹ ਵਿਵਾਦ ਸਥਾਨਕ ਲੋਕਾਂ ਅਤੇ ਫੁੱਲਾਨੀ ਪਸ਼ੂ ਚਰਾਉਣ ਵਾਲਿਆਂ ਦਰਮਿਆਨ ਲੰਮੇ ਸਮੇਂ ਤੋਂ ਚਲ ਰਿਹਾ ਹੈ।