ਦੋ ਦਿਨਾਂ ਵਿਚ ਸੀਰੀਆ ਤੋਂ ਤੁਰਕੀ ਪਹੁੰਚੇ 25 ਹਜ਼ਾਰ ਲੋਕ, ਜਾਣੋ ਕਿਉਂ

12/22/2019 9:09:35 PM

ਦਮਿਸ਼ਕ (ਏਜੰਸੀ)- ਸੀਰੀਆ ਦੇ ਇਦਲਿਬ ਸੂਬੇ ਵਿਚ ਹਵਾਈ ਹਮਲੇ ਤੇਜ਼ ਹੋਣ ਤੋਂ ਬਾਅਦ ਪਿਛਲੇ ਦੋ ਦਿਨਾਂ ਵਿਚ 25 ਹਜ਼ਾਰ ਲੋਕ ਭੱਜ ਕੇ ਗੁਆਂਢੀ ਮੁਲਕ ਤੁਰਕੀ ਪਹੁੰਚੇ ਹਨ। ਸੀਰੀਆ ਦੀ ਅਸਦ ਸਰਕਾਰ ਅਤੇ ਉਸ ਦੀ ਸਹਿਯੋਗੀ ਰੂਸੀ ਫੌਜ ਦੇ ਹਵਾਈ ਹਮਲਿਆਂ ਤੋਂ ਡਰੇ ਲੋਕ ਆਪਣਾ ਘਰ-ਬਾਰ ਛੱਡ ਕੇ ਪਲਾਇਨ ਕਰਨ ਨੂੰ ਮਜਬੂਰ ਹਨ।
ਤੁਰਕੀ ਵਿਚ ਪਹਿਲਾਂ ਤੋਂ ਹੀ ਜੰਗਗ੍ਰਸਤ ਸੀਰੀਆ ਤੋਂ ਭੱਜੇ 37 ਲੱਖ ਲੋਕਾਂ ਨੇ ਪਨਾਹ ਲਈ ਹੈ, ਜੋ ਦੁਨੀਆ ਦੇ ਕਿਸੇ ਦੇਸ਼ ਵਿਚ ਸ਼ਰਨਾਰਥੀਆਂ ਦੀ ਸਭ ਤੋਂ ਵੱਡੀ ਗਿਣਤੀ ਹੈ। ਤੁਰਕੀ ਦੀ ਸਰਕਾਰੀ ਨਿਊਜ਼ ਏਜੰਸੀ ਮੁਤਾਬਕ ਬੀਤੇ ਦੋ ਮਹੀਨਿਆਂ ਵਿਚ ਇਦਲਿਬ ਤੋਂ ਪਲਾਇਨ ਕਰਨ ਵਾਲਿਆਂ ਦੀ ਗਿਣਤੀ ਦੋ ਲੱਖ ਦਾ ਅੰਕੜਾ ਪਾਰ ਕਰ ਚੁੱਕੀ ਹੈ।
ਤੁਰਕੀ ਦੇ ਰਾਸ਼ਟਰਪਤੀ ਰੇਸੇਪ ਤਈਅਪ ਐਰਦੋਗਨ ਨੇ ਇਸ 'ਤੇ ਚਿੰਤਾ ਜ਼ਾਹਰ ਕਰਦੇ ਹੋਏ ਬੀਤੇ ਵੀਰਵਾਰ ਨੂੰ ਕਿਹਾ ਸੀ ਕਿ ਜੰਗ ਕਾਰਨ 50 ਹਜ਼ਾਰ ਸੀਰੀਆਈ ਨਾਗਰਿਕ ਉਨ੍ਹਾਂ ਦੇ ਦੇਸ਼ ਵੱਲ ਵੱਧ ਰਹੇ ਹਨ। ਸੰਯੁਕਤ ਰਾਸ਼ਟਰ ਮੁਤਾਬਕ ਸੀਰੀਆ ਵਿਚ ਬਾਗੀ ਧੜਿਆਂ ਦੇ ਕਬਜ਼ੇ ਵਾਲੇ ਇਲਾਕੇ ਵਿਚ ਰੂਸ ਹਮਾਇਤੀ ਫੌਜ ਦੇ ਹਮਲੇ ਵਿਚ ਇਸ ਸਾਲ ਸੈਂਕੜੇ ਲੋਕਾਂ ਦੀ ਜਾਨ ਜਾ ਚੁੱਕੀ ਹੈ।

Sunny Mehra

This news is Content Editor Sunny Mehra