ਪਾਕਿਸਤਾਨ 'ਚ ਤੂਫਾਨ ਕਾਰਨ ਹੁਣ ਤਕ 28 ਲੋਕਾਂ ਦੀ ਮੌਤ

04/16/2019 9:38:48 PM

ਇਸਲਾਮਾਬਾਦ, (ਏਜੰਸੀ)— ਪਾਕਿਸਤਾਨ ਦੇ ਪੰਜਾਬ ਅਤੇ ਸਿੰਧ ਸੂਬਿਆਂ 'ਚ ਸੋਮਵਾਰ ਨੂੰ ਆਏ ਹਨੇਰੀ ਅਤੇ ਤੂਫਾਨ ਕਾਰਨ 28 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਲੋਕ ਜ਼ਖਮੀ ਹਨ, ਜਿਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਭਾਰੀ ਮੀਂਹ ਅਤੇ ਹੜ੍ਹ ਕਾਰਨ ਕਈ ਖੰਭੇ ਅਤੇ ਦਰੱਖਤ ਡਿੱਗ ਗਏ, ਜਿਸ ਕਾਰਨ ਲੋਕਾਂ ਦੇ ਘਰਾਂ ਤੇ ਦੁਕਾਨਾਂ ਨੂੰ ਨੁਕਸਾਨ ਪੁੱਜਾ ਹੈ। ਦੇਸ਼ ਦੇ ਪੱਛਮੀ ਅਤੇ ਉੱਤਰੀ ਇਲਾਕਿਆਂ 'ਚ ਵਧੇਰੇ ਨੁਕਸਾਨ ਹੋਇਆ ਜਿੱਥੇ ਕਈ ਘਰ ਢਹਿ ਗਏ। ਸੜਕਾਂ ਦੀ ਹਾਲਤ ਬਹੁਤ ਖਰਾਬ ਅਤੇ ਖਤਰਨਾਕ ਬਣੀ ਹੋਈ ਹੈ, ਜਿਸ ਕਾਰਨ ਲੋਕਾਂ ਦਾ ਇੱਥੋਂ ਲੰਘਣਾ ਵੀ ਮੁਸ਼ਕਲ ਹੋ ਗਿਆ ਹੈ।

ਪੰਜਾਬ ਸੂਬੇ 'ਚ ਕਈ ਇਮਾਰਤਾਂ ਢਹਿ ਗਈਆਂ ਹਨ, ਜਿਸ ਕਾਰਨ 2 ਔਰਤਾਂ ਸਮੇਤ 9 ਲੋਕਾਂ ਦੀ ਮੌਤ ਹੋ ਗਈ। ਖਾਨੇਵਾਲ ਜ਼ਿਲੇ 'ਚ 4, ਹਾਸਿਲਪੁਰ 'ਚ 3, ਲੋਧਰਨ ਜ਼ਿਲੇ 'ਚ 2 ਵਿਅਕਤੀਆਂ ਦੀ ਮੌਤ ਹੋਣ ਦੀ ਖਬਰ ਹੈ। ਖੈਬਰ ਪਖਤੂਨਵਾ ਸੂਬੇ 'ਚ ਇਕ ਔਰਤ ਤੇ ਦੋ ਵਿਅਕਤੀਆਂ ਦੀ ਮੌਤ ਘਰ ਢਹਿ ਜਾਣ ਕਾਰਨ ਹੋਈ।
ਕੁਵੇਟਾ, ਗਵਾਦਰ, ਡੁਕੀ, ਜੈਵਾਨੀ, ਕੋਹਲੋ, ਸਿਬੀ, ਬਾਰਖਨ, ਚਾਮਨ ਅਤੇ ਬਲੋਚਿਸਤਾਨ ਦੇ ਹੋਰ ਜ਼ਿਲਿਆਂ 'ਚ ਵੀ ਹਾਲਤ ਖਰਾਬ ਹੈ। ਕਈ ਸ਼ਹਿਰਾਂ 'ਚ ਬਹੁਤ ਸਾਰੇ ਮਛੇਰੇ ਲਾਪਤਾ ਹਨ , ਜਿਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ।