ਪਾਕਿਸਤਾਨ : ਕਿਸ਼ਤੀ ਪਲਟਣ ਨਾਲ ਔਰਤਾਂ ਤੇ ਬੱਚਿਆਂ ਸਮੇਤ 21 ਦੀ ਮੌਤ

12/07/2017 9:34:29 PM

ਲਾਹੌਰ— ਪਾਕਿਸਤਾਨ ਦੇ ਸਿੰਧ ਸੂਬੇ 'ਚ ਯਾਤਰੀਆਂ ਨਾਲ ਲੱਦੀ ਹੋਈ ਕਿਸ਼ਤੀ ਦੇ ਨਦੀ 'ਚ ਪਲਟ ਜਾਣ ਨਾਲ 21 ਲੋਕਾਂ ਦੀ ਮੌਤ ਹੋ ਜਾਣ ਦੀ ਖਬਰ ਮਿਲੀ ਹੈ, ਜਿਨ੍ਹਾਂ 'ਚ ਬੱਚੇ ਤੇ ਔਰਤਾਂ ਵੀ ਸ਼ਾਮਲ ਹਨ।
ਥਾਟਾ ਦੇ ਡਿਪਟੀ ਕਮਿਸ਼ਨਰ ਨਾਸਿਰ ਬੇਗ ਨੇ ਹਾਦਸੇ ਦਾ ਕਾਰਨ ਕਿਸ਼ਤੀ 'ਚ ਜ਼ਿਆਦਾ ਯਾਤਰੀਆਂ ਦੇ ਹੋਣ ਨੂੰ ਦੱਸਿਆ ਹੈ। ਉਨ੍ਹਾਂ ਕਿਹਾ ਕਿ ਇਹ ਹਾਦਸਾ ਬੋਹਰਾ ਤੋਂ 30 ਕਿਲੋਮੀਟਰ ਦੀ ਦੂਰੀ 'ਤੇ ਵਾਪਰਿਆ। ਉਨ੍ਹਾਂ ਨੇ ਦੱਸਿਆ ਕਿ ਕਿਸ਼ਤੀ ਓਵਰਲੋਡਿਡ ਹੋਣ ਕਾਰਨ ਕੰਟਰੋਲ ਗੁਆ ਬੈਠੀ। ਇਸ 'ਚ ਸਵਾਰ ਸਾਰੇ ਯਾਤਰੀ ਪੀਰ ਪਤਾਈ ਦੀ ਦਰਗਾਹ 'ਤੇ ਤਿਓਹਾਰ ਮਨਾਉਣ ਲਈ ਜਾ ਰਹੇ ਸਨ।
ਅਧਿਕਾਰੀ ਨੇ ਦੱਸਿਆ ਕਿ ਕਿਸ਼ਤੀ 'ਚ 60 ਤੋਂ 70 ਲੋਕ ਸਵਾਰ ਸਨ, ਜਿਨ੍ਹਾਂ ਚੋਂ 15 ਤੋਂ 20 ਲੋਕਾਂ ਨੂੰ ਅਜੇ ਬਚਾਇਆ ਜਾ ਸਕਿਆ ਹੈ ਤੇ 21 ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਬਾਕੀ ਲੋਕ ਅਜੇ ਲਾਪਤਾ ਹਨ।