ਸੀਰੀਆ ’ਚ ਹਵਾਈ ਹਮਲਿਆਂ ’ਚ 8 ਬੱਚਿਆਂ ਸਣੇ 21 ਦੀ ਮੌਤ

01/08/2018 6:36:37 PM

ਬੇਰੂਤ (ਏ.ਐਫ.ਪੀ.)- ਸੀਰੀਆ ਦੇ ਪੱਛਮੀ-ਉੱਤਰ ਇਦਬਿਲ ਸੂਬੇ ਵਿਚ ਬਾਗੀ ਟਿਕਾਣਿਆਂ ’ਤੇ ਸਰਕਾਰੀ ਅਤੇ ਰੂਸ ਦੇ ਜਹਾਜ਼ਾਂ ਵਲੋਂ ਹਵਾਈ ਹਮਲੇ ਕੀਤੇ ਗਏ, ਜਿਨ੍ਹਾਂ ਵਿਚ 8 ਬੱਚਿਆਂ ਸਣੇ ਘੱਟੋ-ਘੱਟ 21 ਨਾਗਰਿਕ ਵੀ ਮਾਰੇ ਗਏ। ਇਹ ਜਾਣਕਾਰੀ ਅੱਜ ਇਕ ਨਿਗਰਾਨੀ ਸੰਗਠਨ ਨੇ ਦਿੱਤੀ। ਐਤਵਾਰ ਨੂੰ ਕੀਤਾ ਗਿਆ ਇਹ ਹਮਲਾ ਇਦਲਿਬ ’ਤੇ ਤਕਰੀਬਨ ਪੂਰਾ ਹਫਤਾ ਚੱਲ ਰਹੀਆਂ ਕਾਰਵਾਈਆਂ ਵਿਚੋਂ ਸਭ ਤੋਂ ਤਾਜ਼ਾ ਹਮਲਾ ਸੀ। ਇਦਲਿਬ ਸੀਰੀਆ ਵਿਚ ਆਖਰੀ ਸੂਬਾ ਹੈ, ਜਿਸ ’ਤੇ ਕਿਸੇ ਤਰ੍ਹਾਂ ਦਾ ਕੋਈ ਸਰਕਾਰੀ ਕੰਟਰੋਲ ਨਹੀਂ ਹੈ।

ਸੀਰੀਅਨ ਆਬਜ਼ਰਵੇਟਰੀ ਫਾਰ ਹਿਊਮਨ ਰਾਈਟਸ ਨੇ ਆਖਿਆ ਕਿ ਹਵਾਈ ਹਮਲਿਆਂ ਵਿਚ ਤਕਰੀਬਨ 8 ਬੱਚਿਆਂ ਸਣੇ ਘੱਟੋ-ਘੱਟ 21 ਵਿਅਕਤੀਆਂ ਦੀ ਮੌਤ ਹੋ ਗਈ ਹੈ ਅਤੇ ਮਾਰੇ ਗਏ ਲੋਕਾਂ ਵਿਚੋਂ 11 ਵਿਅਕਤੀ ਇਕੋ ਹੀ ਪਰਿਵਾਰ ਦੇ ਦੱਸੇ ਜਾ ਰਹੇ ਹਨ। ਇਹ ਹਮਲਾ ਸੂਬੇ ਦੇ ਦੱਖਣੀ-ਪੂਰਬ ਦੇ ਹਿੱਸੇ ’ਚ ਸਜਾਰ ਨਗਰ ਤੋਂ ਪੱਛਮੀ ਦਿਸ਼ਾ ਵਿਚ ਕੀਤਾ ਗਿਆ। ਬ੍ਰਿਟੇਨ ਸਥਿਤ ਨਿਗਰਾਨੀ ਸੰਗਠਨ ਦੇ ਮੁੱਖੀ ਰਾਮੀ ਅਬਦੁਲ ਰਹਿਮਾਨ ਨੇ ਕਿਹਾ ਕਿ ਸਰਕਾਰੀ ਅਤੇ ਰੂਸੀ ਹਮਲੇ ਇਦਲਿਬ ਸੂਬੇ ਦੇ ਕਈ ਹਿੱਸਿਆਂ ਵਿਚ ਅੱਜ ਵੀ ਜਾਰੀ ਹੈ।