2015 ਟੋਟਿਕ ਟੈਸਟ ਮਾਮਲਾ : ਯੂ.ਕੇ. ਨੇ ਮੰਨੀ ਗਲਤੀ, ਸਟੂਡੈਂਟ ਮੁੜ ਕਰ ਸਕਣਗੇ ਅਪਲਾਈ

07/13/2019 2:18:01 PM

ਲੰਡਨ (ਏਜੰਸੀ)- ਯੂ.ਕੇ.ਗ੍ਰਹਿ ਵਿਭਾਗ ਵਿਚ ਅਖੀਰ 2015 ਵਿਚ ਇੰਗਲਿਸ਼ ਟੈਸਟ ਵਿਚ ਹੋਈ ਗੜਬੜ ਤੋਂ ਬਾਅਦ ਉੱਥੇ ਰਹਿ ਰਹੇ ਹਜ਼ਾਰਾਂ ਵਿਦੇਸ਼ੀ ਵਿਦਿਆਰਥੀਆਂ ਨੂੰ ਇਸ ਦਾ ਕਸੂਰਵਾਰ ਮੰਨਦਿਆਂ, ਉਨ੍ਹਾਂ ਦਾ ਵੀਜ਼ਾ ਨਾ ਵਧਾਉਣ ਤੇ ਕਈਆਂ ਨੂੰ ਗ੍ਰਿਫਤਾਰ ਕਰਨ ਦੇ ਹੁਕਮ ਜਾਰੀ ਕੀਤੇ ਗਏ ਸਨ। ਅਖੀਰ 4 ਸਾਲ ਤੱਕ ਚੱਲੀ ਇਸ ਕੇਸ ਦੀ ਜਾਂਚ ਤੋਂ ਬਾਅਦ ਯੂ.ਕੇ. ਦੇ ਗ੍ਰਹਿ ਵਿਭਾਗ ਨੇ ਆਪਣੀ ਗਲਤੀ ਮੰਨਦੇ ਹੋਏ ਅਧਿਕਾਰਤ ਤੌਰ ਉੱਤੇ ਮੰਨਿਆ ਹੈ ਕਿ ਉਨ੍ਹਾਂ ਨੇ ਹਜ਼ਾਰਾਂ ਵਿਦੇਸ਼ੀ ਵਿਦਿਆਰਥੀਆਂ ਦੇ ਭਵਿੱਖ ਨਾਲ ਖਿਲਵਾੜ ਕੀਤਾ।

ਮਾਮਲੇ ਬਾਰੇ ਯੂ.ਕੇ. ਵੀਜ਼ਾ ਦੇ ਜਾਣਕਾਰ ਸੂਤਰਾਂ ਨੇ ਦੱਸਿਆ ਕਿ ਯੂ.ਕੇ. ਵਿਚ 2015 ਦੌਰਾਨ ਵਿਦਿਆਰਥੀਆਂ ਨੂੰ ਵੀਜ਼ਾ ਐਕਸਟੈਂਡ ਕਰਵਾਉਣ ਜਾਂ ਵੀਜ਼ਾ ਬਦਲਣ ਲਈ ਇੰਗਲਿਸ਼ ਲੈਂਗਵੇਜ ਟੈਸਟ (ਟੋਟਿਕ) ਦੇਣਾ ਪੈਂਦਾ ਸੀ ਪਰ ਤਦ ਇਸ ਟੈਸਟ ਦੇ ਨਤੀਜਿਆਂ ਵਿਚ ਕੁਝ ਗੜਬੜ ਹੋਣ ਦੀਆਂ ਖਬਰਾਂ ਸਾਹਮਣੇ ਆਉਣ ਤੋਂ ਬਾਅਦ ਯੂ.ਕੇ. ਸਰਕਾਰ ਨੇ ਹਜ਼ਾਰਾਂ ਵਿਦੇਸ਼ੀ ਵਿਦਿਆਰਥੀਆਂ 'ਤੇ ਇਕੱਠੇ ਕਾਰਵਾਈ ਕਰਕੇ ਉਨ੍ਹਾਂ ਨੂੰ ਇਸਦਾ ਦੋਸ਼ੀ ਮੰਨਿਆ ਤੇ ਦੇਸ਼ 'ਚੋਂ ਨਿਕਲਣ ਨੂੰ ਕਿਹਾ ਸੀ। ਅਨੇਕਾਂ ਵਿਦਿਆਰਥੀਆਂ 'ਤੇ 10-10 ਸਾਲ ਦਾ ਬੈਨ ਤੱਕ ਲਗਾ ਦਿੱਤਾ ਗਿਆ। ਕਸੂਰ ਕੁੱਝ ਲੋਕਾਂ ਦਾ ਸੀ।

ਪਰ ਭੁਗਤਣਾ ਹਜ਼ਾਰਾਂ ਵਿਦਿਆਰਥੀਆਂ ਨੂੰ ਪਿਆ। ਹੁਣ ਯੂ.ਕੇ. ਗ੍ਰਹਿ ਵਿਭਾਗ ਨੇ ਆਪਣੀ ਗਲਤੀ ਮੰਨ ਕੇ ਸਾਬਤ ਕਰ ਦਿੱਤਾ ਹੈ ਕਿ 2015 ਵਿੱਚ ਹੋਇਆ ਐਕਸ਼ਨ ਇੱਕਤਰਫਾ ਸੀ। ਮਾਮਲੇ ਬਾਰੇ ਯੂ.ਕੇ. ਵੀਜ਼ਾ ਮਾਹਰ ਅਤੇ ਯੂ. ਕੇ. ਦੇ ਵਕੀਲ ਗੁਰਪਾਲ ਉੱਪਲ ਦਾ ਕਹਿਣਾ ਹੈ ਕਿ ਬੇਸ਼ੱਕ ਯੂ. ਕੇ. ਗ੍ਰਹਿ ਵਿਭਾਗ ਦੇ ਗਲਤ ਫੈਸਲੇ ਨਾਲ ਹਜ਼ਾਰਾਂ ਵਿਦਿਆਰਥੀਆਂ ਦਾ ਭਵਿੱਖ ਖ਼ਰਾਬ ਹੋਇਆ ਪਰ ਹੁਣ ਉਕਤ ਵਿਭਾਗ ਨੇ ਗਲਤੀ ਮੰਨ ਕੇ ਚੰਗਾ ਕੀਤਾ ਹੈ। ਉਨ੍ਹਾਂ ਕਿਹਾ ਕਿ ਭਵਿੱਖ ਵਿਚ ਅਜਿਹਾ ਦੁਬਾਰਾ ਨਾ ਹੋਵੇ ਇਸਦਾ ਧਿਆਨ ਰੱਖਿਆ ਜਾਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਜਿਨ੍ਹਾਂ ਵਿਦਿਆਰਥੀਆਂ 'ਤੇ 2015 ਵਿਚ 10 ਸਾਲ ਦਾ ਬੈਨ ਲੱਗਾ ਸੀ ਜੇਕਰ ਉਨ੍ਹਾਂ ਕੋਲ ਨਿਰਦੋਸ਼ ਹੋਣ ਦੇ ਸਬੂਤ ਹਨ ਤਾਂ ਉਹ ਦੁਬਾਰਾ ਯੂ. ਕੇ. ਦਾ ਵੀਜ਼ਾ ਅਪਲਾਈ ਕਰ ਸਕਦੇ ਹਨ।

Sunny Mehra

This news is Content Editor Sunny Mehra