ਆਸਟ੍ਰੇਲੀਆ : ਜੰਗਲੀ ਅੱਗ ਨੇ ਲਈ 2000 ਕੁਆਲਾ ਜਾਨਵਰਾਂ ਦੀ  ਜਾਨ

12/09/2019 3:27:06 PM

ਸਿਡਨੀ— ਆਸਟ੍ਰੇਲੀਆ 'ਚ ਲੱਗੀ ਜੰਗਲੀ ਅੱਗ ਕਾਰਨ ਹੁਣ ਤਕ 2000 ਕੁਆਲਾ ਜਾਨਵਰਾਂ ਦੀ ਮੌਤ ਹੋ ਚੁੱਕੀ ਹੈ। ਸੋਮਵਾਰ ਨੂੰ ਪੇਸ਼ ਕੀਤੀ ਗਈ ਰਿਪੋਰਟ 'ਚ ਦੱਸਿਆ ਗਿਆ ਕਿ ਨਵੰਬਰ ਮਹੀਨੇ ਤੋਂ ਲੱਗੀ ਅੱਗ ਨੇ ਕਈ ਬੇਜ਼ੁਬਾਨਾਂ ਨੂੰ ਆਪਣੀ ਲਪੇਟ 'ਚ ਲਿਆ ਹੈ ਤੇ ਬਹੁਤ ਘੱਟ ਪ੍ਰਜਾਤੀ ਵਾਲੇ ਲਗਭਗ 2000 ਕੁਆਲਾ ਇਸ ਦੇ ਵਧੇਰੇ ਸ਼ਿਕਾਰ ਹੋਏ ਹਨ।

ਅਧਿਕਾਰੀਆਂ ਮੁਤਾਬਕ ਇਸ ਖੇਤਰ 'ਚ 8400 ਕੁਆਲਾ ਰਹਿੰਦੇ ਸਨ ਤੇ ਇਨ੍ਹਾਂ ਦਾ ਵੱਡਾ ਹਿੱਸਾ ਮਰ ਚੁੱਕਾ ਹੈ। ਸੋਕਾ ਤੇ ਬੀਮਾਰੀਆਂ ਕਾਰਨ ਪਹਿਲਾਂ ਹੀ ਕੁਆਲਾ ਦਾ ਜੀਵਨ ਖਤਰੇ 'ਚ ਰਹਿੰਦਾ ਹੈ ਪਰ ਇਸ ਸਾਲ ਉਨ੍ਹਾਂ ਦਾ ਵੱਡਾ ਨੁਕਸਾਨ ਹੋਇਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਬਹੁਤ ਸਾਰੇ ਜਾਨਵਰ ਭੁੱਖ ਕਾਰਨ ਮਰ ਗਏ ਤੇ ਬਹੁਤ ਸਾਰਿਆਂ ਨੂੰ ਅੱਗ ਦੇ ਸੇਕ ਨੇ ਮਾਰ ਦਿੱਤਾ।

ਆਸਟ੍ਰੇਲੀਆ ਕੁਆਲਾ ਫਾਊਂਡੇਸ਼ਨ ਮੁਤਾਬਕ ਕੁਆਲਾ ਦਿਨ ਦੇ ਲਗਭਗ 20 ਘੰਟਿਆਂ ਤਕ ਸੌਂਦੇ ਜਾਂ ਆਰਾਮ ਕਰਦੇ ਰਹਿੰਦੇ ਹਨ। ਕੋਈ ਵੀ ਸਮੱਸਿਆ ਆਉਣ 'ਤੇ ਉਹ ਆਪਣਾ ਸਰੀਰ ਇਕੱਠਾ ਕਰ ਲੈਂਦੇ ਹਨ ਤੇ ਆਪਣੀ ਸੁਰੱਖਿਆ ਕਰ ਲੈਂਦੇ ਹਨ ਪਰ ਜੰਗਲੀ ਅੱਗ ਕਾਰਨ ਵੱਡਾ ਨੁਕਸਾਨ ਹੋਇਆ ਹੈ।

ਜ਼ਿਕਰਯੋਗ ਹੈ ਕਿ ਆਸਟ੍ਰੇਲੀਆ 'ਚ ਫੈਲੀ ਜੰਗਲੀ ਅੱਗ ਕਾਰਨ ਹੁਣ ਤਕ 6 ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ ਵੱਡੀ ਗਿਣਤੀ 'ਚ ਲੋਕ ਆਪਣੇ ਘਰਾਂ ਨੂੰ ਖਾਲੀ ਕਰਨ ਲਈ ਮਜਬੂਰ ਹੋ ਗਏ ਹਨ। ਕੈਨੇਡੀਅਨ ਅਤੇ ਅਮਰੀਕੀ ਫਾਇਰ ਫਾਈਟਰਜ਼ ਆਸਟ੍ਰੇਲੀਆ ਦੀ ਮਦਦ ਕਰਨ ਲਈ ਇੱਥੇ ਪੁੱਜ ਚੁੱਕੇ ਹਨ।