ਵਿਸ਼ਵ 'ਚ 200 ਮਿਲੀਅਨ ਲੋਕ ਓਸਟਿਓਪੋਰੋਸਿਸ ਨਾਲ ਪ੍ਰਭਾਵਿਤ

10/20/2019 8:47:52 AM

ਰੋਮ,(ਦਲਵੀਰ ਕੈਂਥ)— ਦੁਨੀਆ ਵਿੱਚ ਸਾਇੰਸ ਬੇਸ਼ੱਕ ਅਨੇਕਾਂ ਕਾਢਾਂ ਨਾਲ ਮਨੁੱਖੀ ਜ਼ਿੰਦਗੀ ਸੌਖਾਲੀ ਕਰਨ ਦੇ ਅਣਗਿਣਤ ਉਪਰਾਲੇ ਕਰ ਰਹੀ ਹੈ ਪਰ ਇਸ ਦੇ ਬਾਵਜੂਦ ਇਨਸਾਨ ਦੇ ਸਰੀਰ ਨੂੰ ਜਹਿਮਤਾਂ ਜਕੜਦੀਆਂ ਹੀ ਜਾ ਰਹੀਆਂ ਹਨ ।ਇਨ੍ਹਾਂ ਜਹਿਮਤਾਂ ਵਿੱਚ ਇੱਕ ਹੈ ਓਸਟਿਓਪੋਰੋਸਿਸ ਜਿਸ ਵਿੱਚ ਮਰੀਜ਼ ਦੀਆਂ ਹੱਡੀਆਂ ਬਹੁਤ ਕਮਜ਼ੋਰ ਹੋ ਜਾਂਦੀਆਂ ਹਨ ,ਜਿਸ ਕਾਰਨ ਮਰੀਜ਼ ਆਪਣੇ ਰੋਜ਼ਾਨਾ ਦੇ ਕੰਮ ਦੌਰਾਨ ,ਸਿਰਫ਼ ਛਿੱਕ ਮਾਰਨ ਨਾਲ , ਝੁੱਕ ਕੇ ਜੁੱਤੀ ਪਾਉਣ ਕਾਰਨ ਜਾਂ ਕਦੇ ਸਧਾਰਨ ਵੀ ਡਿੱਗ ਪਵੇ ਤਾਂ ਉਸ ਦੀਆਂ ਹੱਡੀਆਂ ਟੁੱਟ-ਭੱਜ ਜਾਂਦੀਆਂ ਹਨ, ਜਿਸ ਕਾਰਨ ਮਰੀਜ਼ ਮੰਜੇ 'ਤੇ ਪੈਣ ਨੂੰ ਮਜ਼ਬੂਰ ਹੋ ਜਾਂਦਾ ਹੈ।

ਦੁਨੀਆ ਭਰ ਵਿੱਚ 3 ਔਰਤਾਂ ਵਿੱਚੋਂ 1 ਅਤੇ 5 ਮਰਦਾਂ ਵਿੱਚੋਂ 1 ਜਿਹੜੇ 50 ਸਾਲ ਜਾਂ ਇਸ ਤੋਂ ਵਧੇਰੇ ਉਮਰ ਦੇ ਲੋਕ ਹਨ, ਉਹ ਓਸਟਿਓਪੋਰੋਸਿਸ ਨਾਲ ਗ੍ਰਸਤ ਹਨ ਤੇ ਇਨ੍ਹਾਂ ਦੀ ਗਿਣਤੀ ਵਿਸ਼ਵ ਪੱਧਰ 'ਤੇ 200 ਮਿਲੀਅਨ ਦਰਜ਼ ਕੀਤੀ ਗਈ ਹੈ। ਵਿਸ਼ਵ ਵਿਆਪੀ ਅਨੁਸਾਰ ਹਰ 3 ਸਕਿੰਟ ਵਿੱਚ 1 ਫਰੈਕਚਰ ਹੁੰਦਾ ।ਹਰ ਸਾਲ 20 ਅਕਤੂਬਰ ਨੂੰ ਅੰਤਰਰਾਸ਼ਟਰੀ ਓਸਟਿਓਪੋਰੋਸਿਸ ਫਾਉਂਡੇਸ਼ਨ ਵੱਲੋਂ ਆਪਣੇ 250 ਮੈਂਬਰ ਸੰਗਠਨਾਂ ਨਾਲ ਮਿਲ ਕੇ ਲੋਕਾਂ ਨੂੰ ਜਾਗਰੂਕ ਕਰਨ ਹਿੱਤ ਵਿਸ਼ਵ ਓਸਟਿਓਪੋਰੋਸਿਸ ਦਿਵਸ ਮਨਾਇਆ ਜਾਂਦਾ ਹੈ।

ਇਟਲੀ ਵਿੱਚ ਇੱਕ ਸਾਲ ਵਿੱਚ ਡੇਢ ਲੱਖ ਤੋਂ ਜ਼ਿਆਦਾ ਮਰੀਜ਼ ਓਸਟਿਓਪੋਰੋਸਿਸ ਦੇ ਦੇਖੇ ਗਏ ਹਨ ਜਦੋਂ ਕਿ 4 ਮਿਲੀਅਨ ਲੋਕ ਦੇਸ਼ ਅੰਦਰ ਇਸ ਬੀਮਾਰੀ ਨਾਲ ਗ੍ਰਸਤ ਹਨ।ਇਟਾਲੀਅਨ ਰਿਸਰਚ ਫਾਉਂਡੇਸ਼ਨ 'ਆਨ ਬੋਨ ਡਸੀਜਜ਼ ਅਤੇ ਅੰਤਰਰਾਸ਼ਟਰੀ ਓਸਟਿਓਪੋਰੋਸਿਸ ਫਾਉਂਡੇਸ਼ਨ' ਦੀ ਰਿਪੋਰਟ ਅਨੁਸਾਰ ਓਸਟਿਓਪੋਰੋਸਿਸ ਦੀ ਰੋਕਥਾਮ ਅਤੇ ਜਾਗਰੂਕਤਾ ਪ੍ਰਤੀ ਇਟਲੀ ਵਿੱਚ ਹਾਲੇ ਘਾਟ ਹੈ ।ਦੇਸ਼ ਦੇ ਨਾਗਰਿਕਾਂ ਦੀ ਸਿਹਤ ਪ੍ਰਣਾਲੀ ਨੂੰ ਦਰੁਸਤ ਕਰਨ ਲਈ 9.4 ਬਿਲੀਅਨ ਯੂਰੋ ਦਾ ਖਰਚ ਹੋ ਰਿਹਾ ਹੈ ਜਿਹੜਾ ਕਿ ਸੰਨ 2030 ਤੱਕ 11.9 ਬਿਲੀਅਨ ਯੂਰੋ ਹੋਣ ਦਾ ਅਨੁਮਾਨ ਹੈ।

ਵਿਸ਼ਵ ਓਸਟਿਓਪੋਰੋਸਿਸ ਦਿਵਸ ਮੌਕੇ ਇਟਾਲੀਅਨ ਰਿਸਰਚ ਫਾਉਂਡੇਸ਼ਨ ਆਨ ਬੋਨ ਡਸੀਜਜ਼ ਦੀ ਪ੍ਰਧਾਨ ਪ੍ਰੋਫੈਸਰ ਮਾਰੀਆ ਲੂਈਜਾ ਬਰਾਂਦੀ ਨੇ ਆਪਣੇ ਵਿਚਾਰ ਸਾਂਝਾ ਕਰਦਿਆਂ ਕਿਹਾ ਕਿ ਓਸਟਿਓਪੋਰੋਸਿਸ ਦੀ ਸਮੱਸਿਆ ਬਾਰੇ ਉੁਹ ਆਮ ਜਾਗਰੂਕਤਾ ਤੋਂ ਬਹੁਤ ਦੂਰ ਹਨ । ਬੇਸ਼ੱਕ ਉਹ ਦੋ ਸੰਗਠਨ ਅਤੇ ਹੋਰ ਮਾਹਰ ਸੁਸਾਇਟੀਆਂ ਨਾਲ ਮਿਲ ਕੇ ਇਸ ਲੜਾਈ ਵਿੱਚ ਡੱਟੇ ਹੋਏ ਹਨ ਪਰ ਹਾਲੇ ਬਹੁਤ ਮਿਹਨਤ ਦੀ ਲੋੜ ਹੈ। ਉਹ ਜਲਦ ਇਸ ਸੰਬਧੀ ਹੋਰ ਵੀ ਮੁਹਿੰਮਾਂ ਨੂੰ ਅੰਜਾਮ ਦੇ ਰਹੇ ਹਨ। ਇਟਲੀ ਵਿੱਚ ਹਰ ਸਾਲ 58,000 ਔਰਤਾਂ ਛਾਤੀ ਦੇ ਕੈਂਸਰ ਨਾਲ ਪ੍ਰਭਾਵਿਤ ਹੁੰਦੀਆਂ ਹਨ, ਜਿਹਨਾਂ ਵਿੱਚ 75% ਤੋਂ ਜ਼ਿਆਦਾ ਔਰਤਾਂ ਦਾ ਇਲਾਜ ਹਾਰਮਨ ਵਿਰੋਧੀ ਹੁੰਦਾ ਹੈ ਜਿਹੜਾ ਕਿ ਮਰੀਜ਼ ਦੀਆਂ ਹੱਡੀਆਂ ਨੂੰ ਆਪਣੇ ਜ਼ਹਿਰੀਲੇ ਪ੍ਰਭਾਵ ਕਾਰਨ ਕਮਜ਼ੋਰ ਕਰਦਾ ਹੈ।ਅਜਿਹੇ ਇਲਾਜ ਸੰਬਧੀ ਵੀ ਮਰੀਜ਼ ਨੂੰ ਜਾਗਰੂਕ ਕਰਨ ਦੀ ਅਹਿਮ ਜ਼ਰੂਰਤ ਹੈ। ਅੰਤਰਰਾਸ਼ਟਰੀ ਓਸਟਿਓਪੋਰੋਸਿਸ ਫਾਉਂਡੇਸ਼ਨ ਦੇ ਪ੍ਰਧਾਨ ਪ੍ਰੋਫੈਸਰ ਸਾਈਰੂਸ ਕੂਪਰ ਨੇ ਕਿਹਾ ਕਿ ਨੌਜਵਾਨ ਵਰਗ ਨੂੰ ਆਪਣੇ ਸਰੀਰ ਦੀਆਂ ਹੱਡੀਆਂ ਅਤੇ ਮਾਸਪੇਸ਼ੀਆਂ ਦੀ ਮਜ਼ਬੂਤੀ ਵੱਲ ਉਚੇਚਾ ਧਿਆਨ ਦੇਣਾ ਚਾਹੀਦਾ ਹੈ। ਇਹ ਉਨ੍ਹਾਂ ਦੀ ਤੰਦਰੁਸਤੀ ਦਾ ਸਭ ਤੋਂ ਵੱਡਾ ਰਾਜ ਹੋ ਸਕਦਾ ਹੈ।

ਜੇਕਰ ਕਿਸੇ ਨੂੰ ਕੋਈ ਵੀ ਆਪਣੇ ਸਰੀਰ ਦੀ ਫਿਟਨੈੱਸ ਨੂੰ ਲੈ ਕੇ ਕੋਈ ਦਿੱਕਤ ਮਹਿਸੂਸ ਹੁੰਦੀ ਹੈ ਤਾਂ ਤੁਰੰਤ ਆਪਣੇ ਡਾਕਟਰ ਤੋਂ ਜਾਂਚ ਕਰਵਾਉਣ ਅਤੇ ਇਲਾਜ ਕਰਵਾਉਣ ਵਿੱਚ ਸੰਕੋਚ ਨਾ ਕਰਨ।ਜਿਹੜੇ ਲੋਕ ਹੱਡੀਆਂ ਦੀ ਮਜ਼ਬੂਤੀ ਵੱਲ ਉਚੇਚਾ ਧਿਆਨ ਦਿੰਦੇ ਹਨ ਉਹ ਹੱਡੀਆਂ ਦੇ ਫਰੈਕਚਰ ਤੋਂ ਤਾਂ ਬਚ ਦੇ ਹੀ ਹਨ ਤੇ ਨਾਲ ਹੀ ਆਪਣੇ ਉਪੱਰ ਆਉਣ ਵਾਲੇ ਆਰਥਿਕ ਸੰਕਟ ਤੋਂ ਵੀ ਬਚ ਜਾਂਦੇ ਹਨ।ਜ਼ਿਕਰਯੋਗ ਹੈ ਕਿ 'ਯੂਨਾਈਟੇਡ ਕਿੰਗਡਮ ਦੀ ਨੈਸ਼ਨਲ ਓਸਟਿਓਪੋਰੋਸਿਸ ਸੁਸਾਇਟੀ' ਵੱਲੋਂ 20 ਅਕਤੂਬਰ, 1996 ਤੋਂ ਵਿਸ਼ਵ ਓਸਟਿਓਪੋਰੋਸਿਸ ਦਿਵਸ ਮਨਾਉਣਾ ਸ਼ੁਰੂ ਕੀਤਾ ਸੀ ਜਿਸ ਨੂੰ ਯੂਰਪੀਅਨ ਕਮਿਸ਼ਨ ਨੇ ਭਰਪੂਰ ਸਹਿਯੋਗ ਦਿੱਤਾ ਸੀ । 20 ਅਕਤੂਬਰ, 1997 ਤੋਂ ਅੰਤਰਰਾਸ਼ਟਰੀ ਓਸਟਿਓਪੋਰੋਸਿਸ ਫਾਉਂਡੇਸ਼ਨ ਦੀ ਸਥਾਪਨਾ ਹੋਣ ਤੋਂ ਬਆਦ ਇਸ ਦਿਵਸ ਮੌਕੇ ਜਾਗਰੂਕਤਾ ਮੁੰਹਿਮਾਂ ਦਾ ਆਰੰਭ ਕੀਤਾ ਗਿਆ। ਇਸ ਦਿਵਸ ਮੌਕੇ ਲੋਕਾਂ ਨੂੰ ਓਸਟਿਓਪੋਰੋਸਿਸ ਤੋਂ ਬਚਣ ਲਈ ਅਤੇ ਆਪਣੇ ਸਰੀਰ ਦੀਆਂ ਹੱਡੀਆਂ ਤੇ ਮਾਸਪੇਸ਼ੀਆਂ ਮਜ਼ਬੂਤ ਕਰਨ ਸੰਬਧੀ ਜਾਗਰੂਕ ਕੀਤਾ ਜਾਂਦਾ ਹੈ।