ਕੋਵਿਡ-19 : ਮਾਪਿਆ ਦੀ ਵਧੀ ਚਿੰਤਾ , ਮਾਂਟਰੀਅਲ ''ਚ 20 ਅਧਿਆਪਕ ਹੋਏ ਇਕਾਂਤਵਾਸ

08/30/2020 12:55:19 PM

ਮਾਂਟਰੀਅਲ- ਕੈਨੇਡਾ ਦੇ ਕਿਊਬਿਕ ਵਿਚ ਵੀਰਵਾਰ ਨੂੰ ਫਰੈਂਚ ਭਾਸ਼ਾ ਦੇ ਸਕੂਲ ਖੁੱਲ੍ਹ ਗਏ ਸਨ ਤੇ ਇਸ ਦੇ ਬਾਅਦ ਦੋ ਕੋਰੋਨਾ ਪੀੜਤਾਂ ਦੇ ਮਾਮਲੇ ਆਉਣ ਮਗਰੋਂ 20 ਅਧਿਆਪਕ ਇਕਾਂਤਵਾਸ ਕੀਤੇ ਗਏ ਹਨ। 10ਵੀਂ ਤੇ 11ਵੀਂ ਗਰੇਡ ਦੇ ਵਿਦਿਆਰਥੀਆਂ ਨੂੰ ਸੋਮਵਾਰ ਤੱਕ ਘਰ ਹੀ ਰਹਿਣ ਦੇ ਹੁਕਮ ਦਿੱਤੇ ਗਏ ਹਨ। ਇਸ ਖ਼ਬਰ ਨਾਲ ਵਿਦਿਆਰਥੀਆਂ ਦੇ ਮਾਪਿਆ ਦੀ ਚਿੰਤਾ ਹੋਰ ਵੱਧ ਗਈ ਹੈ।

ਸਕੂਲ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਸਕੂਲ ਖੋਲ੍ਹਣ ਤੋਂ ਪਹਿਲਾਂ 21 ਅਗਸਤ ਨੂੰ ਕੁੱਝ ਅਧਿਆਪਕ ਸਕੂਲ ਆਏ ਸਨ ਤੇ ਇਸ ਤੋਂ ਬਾਅਦ 2 ਕੋਰੋਨਾ ਪਾਜ਼ੀਟਿਵ ਮਾਮਲੇ ਮਿਲਣ ਮਗਰੋਂ 20 ਅਧਿਆਪਕ ਇਕਾਂਤਵਾਸ ਹੋ ਗਏ। ਇਹ ਅਧਿਆਪਕ ਵਿਦਿਆਰਥੀਆਂ ਦੇ ਸੰਪਰਕ ਵਿਚ ਨਹੀਂ ਆਏ ਸਨ। ਸਿਹਤ ਅਧਿਕਾਰੀਆਂ ਨੇ ਉਨ੍ਹਾਂ ਨੂੰ 4 ਸਤੰਬਰ ਤੱਕ ਇਕਾਂਤਵਾਸ ਵਿਚ ਰਹਿਣ ਦੇ ਹੁਕਮ ਦਿੱਤੇ ਹਨ। ਸਕੂਲ ਨੇ ਬੱਚਿਆਂ ਦੇ ਮਾਪਿਆਂ ਨੂੰ ਇਸ ਸਥਿਤੀ ਬਾਰੇ ਜਾਣਕਾਰੀ ਦੇ ਦਿੱਤੀ ਹੈ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਦੀ ਪੜ੍ਹਾਈ 'ਤੇ ਅਸਰ ਨਾ ਪਵੇ ਇਸ ਲਈ ਸ਼ਾਇਦ ਉਹ ਹੋਰ ਅਧਿਆਪਕਾਂ ਦਾ ਪ੍ਰਬੰਧ ਕਰਨਗੇ ਜਾਂ ਫਿਰ ਇਕਾਂਤਵਾਸ ਹੋਏ ਅਧਿਆਪਕ ਵਿਦਿਆਰਥੀਆਂ ਨੂੰ  ਆਨਲਾਈਨ ਪੜ੍ਹਾਈ ਕਰਵਾ ਸਕਦੇ ਹਨ। 

ਦੱਸਿਆ ਜਾ ਰਿਹਾ ਹੈ ਕਿ ਇਸੇ ਸਕੂਲ ਵਿਚ ਕੋਰੋਨਾ ਦੇ ਮਾਮਲੇ ਨਹੀਂ ਆਏ ਸਗੋਂ ਮਾਂਟਰੀਅਲ ਦੇ ਦੱਖਣੀ ਖੇਤਰ ਦੇ ਇਕ ਸਕੂਲ ਵਿਚ 7ਵੀਂ ਗਰੇਡ ਦਾ ਵਿਦਿਆਰਥੀ ਸਕੂਲ ਤੋਂ ਵਾਪਸ ਘਰ ਮੋੜ ਦਿੱਤਾ ਗਿਆ ਸੀ ਕਿਉਂਕਿ ਉਸ ਦੇ ਮਾਂ-ਬਾਪ ਵਿਚੋਂ ਇਕ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਈ ਸੀ। ਮਾਂਟਰੀਅਲ ਵਿਚ ਲਗਭਗ 50,0000 ਅਧਿਆਪਕ ਹਨ ਤੇ ਇਨ੍ਹਾਂ ਵਿਚੋਂ 4 ਕੋਰੋਨਾ ਦੀ ਲਪੇਟ ਵਿਚ ਆਏ ਹਨ। 
 

Lalita Mam

This news is Content Editor Lalita Mam