ਪਾਕਿਸਤਾਨ ''ਚ ਪੰਜ ਸਾਲ ਤੋਂ ਕੈਦ 20 ਭਾਰਤੀ ਮਛੇਰੇ ਰਿਹਾਅ

06/19/2022 5:28:37 PM

ਕਰਾਚੀ (ਭਾਸ਼ਾ)- ਪਾਕਿਸਤਾਨ ਨੇ ਐਤਵਾਰ ਨੂੰ 20 ਭਾਰਤੀ ਮਛੇਰਿਆਂ ਨੂੰ ਸਦਭਾਵਨਾ ਵਜੋਂ ਰਿਹਾਅ ਕਰ ਦਿੱਤਾ। ਉਹ ਪਾਕਿਸਤਾਨੀ ਜਲ ਖੇਤਰ ਵਿੱਚ ਗੈਰ-ਕਾਨੂੰਨੀ ਢੰਗ ਨਾਲ ਮੱਛੀਆਂ ਫੜਨ ਦੇ ਦੋਸ਼ ਵਿੱਚ ਪਿਛਲੇ ਪੰਜ ਸਾਲਾਂ ਤੋਂ ਕਰਾਚੀ ਦੀ ਜੇਲ੍ਹ ਵਿੱਚ ਕੈਦ ਸਨ। ਇਨ੍ਹਾਂ ਮਛੇਰਿਆਂ ਨੂੰ ਕਰਾਚੀ ਦੇ ਲਾਂਧੀ ਇਲਾਕੇ ਦੀ ਮਲੇਰ ਜ਼ਿਲ੍ਹਾ ਜੇਲ੍ਹ ਵਿੱਚ ਰੱਖਿਆ ਗਿਆ ਸੀ। ਮਛੇਰਿਆਂ ਨੂੰ ਵਾਹਗਾ ਸਰਹੱਦ 'ਤੇ ਜਾਣ ਲਈ ਲਾਹੌਰ ਭੇਜਿਆ ਗਿਆ ਹੈ, ਜਿੱਥੇ ਉਨ੍ਹਾਂ ਨੂੰ ਭਾਰਤੀ ਅਧਿਕਾਰੀਆਂ ਦੇ ਹਵਾਲੇ ਕੀਤਾ ਜਾਵੇਗਾ। 

ਪੜ੍ਹੋ ਇਹ ਅਹਿਮ ਖ਼ਬਰ- ਕਰਾਚੀ ਵਾਸੀ ਅਲੀਸ਼ਾ ਬਣੀ ਪਾਕਿਸਤਾਨ ਦੀ ਪਹਿਲੀ ਮਹਿਲਾ 'ਆਟੋ ਚਾਲਕ' 

ਜੇਲ੍ਹ ਸੁਪਰਡੈਂਟ ਮੁਹੰਮਦ ਇਰਸ਼ਾਦ ਨੇ ਦੱਸਿਆ ਕਿ ਫੈਡਰਲ ਸਰਕਾਰ ਦੇ ਹੁਕਮਾਂ 'ਤੇ ਮਛੇਰਿਆਂ ਨੂੰ ਰਿਹਾਅ ਕੀਤਾ ਗਿਆ ਹੈ। ਸੁਪਰਡੈਂਟ ਨੇ ਦੱਸਿਆ ਕਿ ਮਛੇਰੇ ਪਿਛਲੇ ਪੰਜ ਸਾਲਾਂ ਤੋਂ ਜੇਲ੍ਹ ਵਿੱਚ ਸਨ। ਅੱਜ ਉਨ੍ਹਾਂ ਨੂੰ ਈਧੀ ਟਰੱਸਟ ਦੇ ਹਵਾਲੇ ਕਰ ਦਿੱਤਾ ਗਿਆ, ਜੋ ਉਨ੍ਹਾਂ ਨੂੰ ਪੁਲਸ ਸੁਰੱਖਿਆ ਹੇਠ ਲਾਹੌਰ ਲੈ ਜਾਵੇਗਾ। ਇਰਸ਼ਾਦ ਦੇ ਅਨੁਸਾਰ, ਮਛੇਰਿਆਂ ਨੂੰ ਜੂਨ 2018 ਵਿੱਚ ਸਮੁੰਦਰੀ ਸੁਰੱਖਿਆ ਬਲ ਨੇ ਗ੍ਰਿਫ਼ਤਾਰ ਕੀਤਾ ਸੀ। ਈਧੀ ਟਰੱਸਟ ਦੇ ਮੁਖੀ ਫੈਜ਼ਲ ਈਧੀ ਨੇ ਕਿਹਾ ਕਿ ਉਨ੍ਹਾਂ ਦੀ ਸੰਸਥਾ ਭਾਰਤੀ ਮਛੇਰਿਆਂ ਦੀ ਯਾਤਰਾ ਦਾ ਸਾਰਾ ਖਰਚਾ ਚੁੱਕੇਗੀ। ਈਧੀ ਟਰੱਸਟ ਇੱਕ ਗੈਰ-ਲਾਭਕਾਰੀ ਸਮਾਜ ਭਲਾਈ ਸੰਸਥਾ ਹੈ।


Vandana

Content Editor

Related News