ਐਡਮਿੰਟਨ ਦੀ ਵੈਬੈਮੁਨ ਲੇਕ ''ਚ ਡਿਗੇ ਦੋ ਵਾਹਨ, ਪੁਲਸ ਨੇ ਲੋਕਾਂ ਨੂੰ ਕੀਤਾ ਸੁਚੇਤ

02/02/2021 2:40:15 PM

ਐਡਮਿੰਟਨ- ਪਾਰਕਲੈਂਡ ਦੇ ਸਥਾਨਕ ਪੁਲਸ ਅਧਿਕਾਰੀਆਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਮੌਸਮ ਦੌਰਾਨ ਵਾਹਨਾਂ ਨੂੰ ਚਲਾਉਂਦੇ ਸਮੇਂ ਵਧੇਰੇ ਧਿਆਨ ਰੱਖਣ ਕਿਉਂਕਿ ਵੈਬੈਮੁਨ ਲੇਕ 'ਤੇ ਬਰਫ ਦੀ ਹਲਕੀ ਪਰਤ ਜੰਮੀ ਹੈ, ਜਿਸ ਵਿਚ ਦੋ ਵਾਹਨ ਡਿੱਗ ਗਏ। 

ਪਹਿਲਾ ਹਾਦਸਾ ਸ਼ਨੀਵਾਰ ਦੁਪਹਿਰ ਨੂੰ 2.40 ਵਜੇ ਵਾਪਰਿਆ। ਡਰਾਈਵਰ ਅਤੇ 7 ਯਾਤਰੀ ਇਸ ਵਾਹਨ ਵਿਚ ਸਨ ਤੇ ਲੇਕ (ਝੀਲ) ਵਿਚ ਡਿੱਗ ਗਏ। ਇਨ੍ਹਾਂ ਸਾਰਿਆਂ ਨੂੰ ਸੁਰੱਖਿਅਤ ਬਚਾ ਲਿਆ ਗਿਆ ਹੈ। ਇਸ ਦੇ ਬਾਅਦ ਐਤਵਾਰ ਸਵੇਰੇ ਵੀ ਅਜਿਹਾ ਹੀ ਹਾਦਸਾ ਵਾਪਰਿਆ। ਸਥਾਨਕ ਪੁਲਸ ਅਧਿਕਾਰੀਆਂ ਮੁਤਾਬਕ ਸਵੇਰੇ 10 ਵਜੇ ਇਕ ਹੋਰ ਵਾਹਨ ਦੋ ਵਿਅਕਤੀਆਂ ਸਣੇ ਲੇਕ ਵਿਚ ਡਿੱਗ ਗਿਆ। ਖ਼ੁਸ਼ਕਿਸਮਤੀ ਨਾਲ ਕੋਈ ਵੀ ਵਿਅਕਤੀ ਜ਼ਖ਼ਮੀ ਨਹੀਂ ਹੋਇਆ ਪਰ ਠੰਡ ਦੇ ਮੌਸਮ ਵਿਚ ਪਾਣੀ ਵਿਚ ਫਸੇ ਲੋਕਾਂ ਨੂੰ ਕੱਢਣ ਲਈ ਕਾਫੀ ਜੱਦੋ-ਜਹਿਦ ਕੀਤੀ ਗਈ। 

ਪੁਲਸ ਨੇ ਕਿਹਾ ਕਿ ਦਸੰਬਰ ਅਤੇ ਜਨਵਰੀ ਦੀ ਸ਼ੁਰੂਆਤ ਵਿਚ ਇੱਥੇ ਲੇਕ ਬਰਫ ਨਾਲ ਜੰਮ ਗਈ ਸੀ ਤੇ ਬਹੁਤੇ ਲੋਕਾਂ ਨੂੰ ਅਜੇ ਵੀ ਅਜਿਹਾ ਹੀ ਲੱਗਦਾ ਹੈ ਕਿ ਸ਼ਾਇਦ ਇਹ ਜੰਮੀ ਹੋਵੇ, ਇਸ ਲਈ ਬਹੁਤੇ ਲੋਕ ਲੇਕ ਉੱਤੇ ਵਾਹਨ ਲੈ ਕੇ ਜਾਣ ਦੀ ਕੋਸ਼ਿਸ਼ ਵੀ ਕਰਦੇ ਹਨ। ਅਧਿਕਾਰੀਆਂ ਨੇ ਕਿਹਾ ਕਿ ਜਨਵਰੀ ਦੇ ਅਖੀਰ ਤੇ ਫਰਵਰੀ ਵਿਚ ਮੌਸਮ ਥੋੜਾ ਬਦਲ ਜਾਂਦਾ ਹੈ, ਜਿਸ ਕਾਰਨ ਬਰਫ ਦੀ ਪਰਤ ਬਹੁਤ ਹਲਕੀ ਹੋ ਜਾਂਦੀ ਹੈ। ਇਸ ਲਈ ਲੋਕਾਂ ਨੂੰ ਵਧੇਰੇ ਧਿਆਨ ਰੱਖਣ ਦੀ ਜ਼ਰੂਰਤ ਹੈ। 

Lalita Mam

This news is Content Editor Lalita Mam