ਕੈਨੇਡਾ : ਪੰਜਾਬੀ ਦੇ ਘਰ 'ਚ ਪੁਲਸ ਨੇ ਮਾਰਿਆ ਛਾਪਾ, ਹਥਿਆਰ ਅਤੇ ਨਸ਼ਾ ਜ਼ਬਤ

03/14/2018 2:08:26 PM

ਬ੍ਰਿਟਿਸ਼ ਕੋਲੰਬੀਆ— ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਐਬਟਸਫੋਰਡ 'ਚ ਪੁਲਸ ਨੇ ਦੋ ਘਰਾਂ 'ਚ ਛਾਪੇਮਾਰੀ ਕੀਤੀ ਅਤੇ ਇੱਥੋਂ ਉਨ੍ਹਾਂ ਨੇ ਨਸ਼ੀਲੇ ਪਦਾਰਥ, ਹਥਿਆਰ ਅਤੇ ਨਕਦੀ ਬਰਾਮਦ ਕੀਤੀ। ਪੁਲਸ ਨੇ ਇਸ ਮਾਮਲੇ 'ਚ ਦੋ ਵਿਅਕਤੀਆਂ ਨੂੰ ਹਿਰਾਸਤ 'ਚ ਲਿਆ ਹੈ ਜਿਸ 'ਚੋਂ ਇਕ ਦੀ ਪਛਾਣ ਪੰਜਾਬੀ ਨੌਜਵਾਨ 23 ਸਾਲਾ ਕੁਲਵੀਰ ਸੰਧੂ ਵਜੋਂ ਹੋਈ ਹੈ। ਦੂਜੇ ਦੋਸ਼ੀ ਦੀ ਪਛਾਣ ਅਜੇ ਜਨਤਕ ਨਹੀਂ ਕੀਤੀ ਗਈ। ਪੁਲਸ ਨੇ 8 ਮਾਰਚ ਨੂੰ ਇਨ੍ਹਾਂ ਦੋਹਾਂ ਦੇ ਘਰਾਂ ਦੀ ਤਲਾਸ਼ੀ ਮਗਰੋਂ ਇੱਕ ਅਸਾਲਟ ਰਾਈਫਲ, 35000 ਡਾਲਰ ਨਕਦ, ਫੈਂਟਾਨਿਲ, ਕੋਕੀਨ ਆਦਿ ਬਰਾਮਦ ਕੀਤੇ ਹਨ। ਕੈਨੇਡਾ 'ਚ ਨੌਜਵਾਨਾਂ ਦਾ ਕੁਰਾਹੇ ਪੈਣਾ ਇਕ ਵੱਡੀ ਚੁਣੌਤੀ ਹੈ ਅਤੇ ਇਸ ਲਈ ਹਰੇਕ ਨੂੰ ਮਿਲ ਕੇ ਕੰਮ ਕਰਨਾ ਪਵੇਗਾ।
ਜਾਣਕਾਰੀ ਮੁਤਾਬਕ ਕੁਲਵੀਰ ਸੰਧੂ ਨੂੰ ਹਿਰਾਸਤ 'ਚ ਰੱਖਿਆ ਗਿਆ ਹੈ ਅਤੇ ਉਸ 'ਤੇ ਨਸ਼ਾ ਤਸਕਰੀ ਦੇ ਦੋਸ਼ਾਂ ਤੋਂ ਇਲਾਵਾ ਗੈਰ-ਕਾਨੂੰਨੀ ਤਰੀਕੇ ਨਾਲ ਬਿਨਾਂ ਲਾਇਸੈਂਸ ਦੇ ਹਥਿਆਰ ਰੱਖਣ ਦਾ ਦੋਸ਼ ਦਰਜ ਹੋਇਆ ਹੈ। ਜਦ ਕਿ ਦੂਜੇ ਦੋਸ਼ੀ ਨੂੰ ਰਿਹਾਅ ਕਰ ਦਿੱਤਾ ਗਿਆ ਹੈ ਪਰ ਪੁਲਸ ਨੇ ਦੱਸਿਆ ਕਿ ਉਸ 'ਤੇ ਅਜੇ ਦੋਸ਼ ਲੱਗੇ ਹੋਏ ਹਨ। ਮਾਮਲੇ ਦੀ ਜਾਂਚ ਕਰ ਰਹੇ ਐਬਟਸਫੋਰਡ ਪੁਲਸ ਵਿਭਾਗ ਦੇ ਸਟਾਫ ਸਰਜੈਂਟ ਡਾਨ ਕੁਲਬਰਸਟਨ ਨੇ ਕਿਹਾ ਕਿ ਇਸ ਤਰ੍ਹਾਂ ਦੇ ਮਾਮਲੇ ਚਿੰਤਾਜਨਕ ਹਨ ਅਤੇ ਪੁਲਸ ਸਖਤ ਕਾਰਵਾਈ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਪੁਲਸ ਨੇ 750 ਗ੍ਰਾਮ ਫੈਂਟਾਨਿਲ ਅਤੇ ਕੋਕੀਨ ਜ਼ਬਤ ਕਰ ਲਈ ਹੈ। ਸੰਧੂ ਨੂੰ ਐਬਟਸਫੋਰਡ ਸੂਬਾ ਅਦਾਲਤ 'ਚ ਵੀਰਵਾਰ ਨੂੰ ਪੇਸ਼ ਕੀਤਾ ਜਾਵੇਗਾ। 
ਤੁਹਾਨੂੰ ਦੱਸ ਦਈਏ ਕਿ ਕੈਨੇਡਾ 'ਚ ਲਗਾਤਾਰ ਨਸ਼ਾ ਤਸਕਰੀ ਅਤੇ ਗੈਰ-ਕਾਨੂੰਨੀ ਤਰੀਕੇ ਨਾਲ ਹਥਿਆਰ ਰੱਖਣ ਦੇ ਮਾਮਲੇ ਸਾਹਮਣੇ ਆ ਰਹੇ ਹਨ। ਇਸ ਦੇ ਨਾਲ ਹੀ ਗੈਂਗਵਾਰ ਪੁਲਸ ਲਈ ਵੱਡੀ ਸਿਰ ਦਰਦੀ ਬਣੀ ਹੋਈ ਹੈ ਅਤੇ ਇਸ ਦੇ ਖਿਲਾਫ ਸਖਤ ਕਦਮ ਚੁੱਕੇ ਜਾ ਰਹੇ ਹਨ।