ਬ੍ਰਿਟਿਸ਼ ਕੋਲੰਬੀਆ : ਹਥਿਆਰ, ਨਸ਼ੇ ਅਤੇ ਨਕਦੀ ਸਮੇਤ ਦੋ ਦੋਸ਼ੀ ਕਾਬੂ

04/09/2018 3:33:30 PM

ਡੈਲਟਾ— ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਨਿਊ ਵੈੱਸਟਮਿਨਸਟਰ ਦੀ ਪੁਲਸ ਨੇ ਬੀਤੇ ਦਿਨੀਂ ਹਥਿਆਰ, ਕੋਕੀਨ ਅਤੇ ਨਕਦੀ ਸਮੇਤ ਦੋ ਵਿਅਕਤੀਆਂ ਨੂੰ ਹਿਰਾਸਤ 'ਚ ਲਿਆ ਹੈ। ਡੈਲਟਾ 'ਚ ਰਹਿਣ ਵਾਲੇ 19 ਸਾਲਾ ਇਲੀਅਟ ਬੈਂਸ ਅਤੇ 21 ਸਾਲਾ ਡੇਵਿਨ ਬੈਂਸ ਨੂੰ ਵੀਰਵਾਰ ਨੂੰ ਪੁਲਸ ਨੇ ਹਿਰਾਸਤ 'ਚ ਲਿਆ। ਪੁਲਸ ਨੇ ਸਰਚ ਵਾਰੰਟ ਜਾਰੀ ਕਰਕੇ ਦੋਹਾਂ ਦੇ ਘਰਾਂ ਅਤੇ ਵਾਹਨਾਂ ਦੀ ਤਲਾਸ਼ੀ ਲਈ ਅਤੇ ਉਨ੍ਹਾਂ ਨੂੰ ਦੋ ਹਥਿਆਰ ਮਿਲੇ ਜੋ ਗੈਰ-ਕਾਨੂੰਨੀ ਤਰੀਕੇ ਨਾਲ ਰੱਖੇ ਗਏ ਸਨ। ਇਸ ਦੇ ਨਾਲ ਹੀ ਵੱਡੀ ਮਾਤਰਾ 'ਚ ਕੋਕੀਨ, ਓਕਸੀਕੋਡੋਨ, ਨਕਦੀ ਅਤੇ ਭੰਗ ਵੀ ਮਿਲੀ। ਪੁਲਸ ਨੇ ਦੋਹਾਂ ਦੋਸ਼ੀਆਂ ਨੂੰ ਹਿਰਾਸਤ 'ਚ ਲੈ ਲਿਆ ਹੈ। ਇਲੀਅਟ ਬੈਂਸ ਨੂੰ ਗੈਰ-ਕਾਨੂੰਨੀ ਤਰੀਕੇ ਨਾਲ ਹਥਿਆਰ ਰੱਖਣ ਅਤੇ ਨਸ਼ੀਲੇ ਪਦਾਰਥ ਰੱਖਣ ਸਮੇਤ 8 ਦੋਸ਼ਾਂ 'ਚ ਹਿਰਾਸਤ 'ਚ ਲਿਆ ਗਿਆ ਅਤੇ ਡੇਵਿਨ 'ਤੇ ਗੈਰ-ਕਾਨੂੰਨੀ ਤਰੀਕੇ ਨਾਲ ਹਥਿਆਰ ਰੱਖਣ ਦੇ ਦੋਸ਼ ਹਨ। 
ਤੁਹਾਨੂੰ ਦੱਸ ਦਈਏ ਕਿ ਕੈਨੇਡਾ 'ਚ ਨਸ਼ਾ ਤਸਕਰੀ ਅਤੇ ਡਰਗਜ਼ ਦੀ ਓਵਰਡੋਜ਼ ਵੱਡੀ ਸਮੱਸਿਆ ਬਣੀ ਹੋਈ ਹੈ। ਦਸੰਬਰ 2017 'ਚ ਨਸ਼ਿਆਂ ਦੀ ਓਵਰਡੋਜ਼ ਕਾਰਨ ਬਹੁਤ ਸਾਰੀਆਂ ਮੌਤਾਂ ਹੋਈਆਂ ਸਨ ਅਤੇ ਇਸੇ ਮਾਮਲੇ ਤਹਿਤ ਪੁਲਸ ਨੇ ਜਾਂਚ ਤੇਜ਼ ਕੀਤੀ ਹੋਈ ਹੈ। ਇਸ ਮਾਮਲੇ 'ਤੇ ਬੋਲਦਿਆਂ ਸਰਜੈਂਟ ਜੈੱਫ ਸਕੋਟ ਨੇ ਕਿਹਾ ਕਿ ਉਹ ਇਸ ਤਰ੍ਹਾਂ ਦੇ ਮਾਮਲਿਆਂ ਦੀ ਜਾਂਚ ਜਾਰੀ ਰੱਖਣਗੇ ਅਤੇ ਬ੍ਰਿਟਿਸ਼ ਕੋਲੰਬੀਆ ਸੂਬੇ 'ਚ ਵਧ ਰਹੀ ਨਸ਼ਾ ਤਸਕਰੀ ਅਤੇ ਡਰਗਜ਼ ਓਵਰਡੋਜ਼ ਨੂੰ ਖਤਮ ਕਰਨ ਲਈ ਕੋਸ਼ਿਸ਼ਾਂ ਕਰਦੇ ਰਹਿਣਗੇ। ਉਨ੍ਹਾਂ ਕਿਹਾ ਕਿ ਉਹ ਇਸ ਮਾਮਲੇ 'ਚ ਹੋਰ ਵੀ ਗ੍ਰਿਫਤਾਰੀਆਂ ਕਰਨਗੇ ਤਾਂ ਕਿ ਲੋਕਾਂ ਨੂੰ ਨਸ਼ਿਆਂ ਦੀ ਦਲਦਲ 'ਚ ਡਿੱਗਣ ਤੋਂ ਬਚਾਇਆ ਜਾ ਸਕੇ।