ਇੰਡੋਨੇਸ਼ੀਆ ਭੂਚਾਲ : 300 ਇਮਾਰਤਾਂ ਨੂੰ ਪੁੱਜਾ ਨੁਕਸਾਨ, ਦੋ ਦੀ ਮੌਤ ਤੇ ਕਈ ਜ਼ਖਮੀ

04/19/2018 9:13:16 AM

ਜਕਾਰਤਾ— ਇੰਡੋਨੇਸ਼ੀਆ 'ਚ ਭੂਚਾਲ ਕਾਰਨ ਦੋ ਲੋਕਾਂ ਦੀ ਮੌਤ ਹੋਣ ਦੀ ਖਬਰ ਮਿਲੀ ਹੈ। ਰਿਕਟਰ ਪੈਮਾਨੇ 'ਤੇ ਭੂਚਾਲ ਦੀ ਤੀਬਰਤਾ 4.4 ਮਾਪੀ ਗਈ ਹੈ। ਵੀਰਵਾਰ ਨੂੰ ਅਧਿਕਾਰੀਆਂ ਨੇ ਜਾਣਕਾਰੀ ਦਿੱਤੀ ਕਿ ਬੁੱਧਵਾਰ ਦੁਪਹਿਰ 1.28 ਵਜੇ ਆਏ ਭੂਚਾਲ ਕਾਰਨ ਕਈ ਇਮਾਰਤਾਂ ਨੂੰ ਨੁਕਸਾਨ ਪੁੱਜਾ ਹੈ ਅਤੇ ਕਈ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਭੇਜਿਆ ਗਿਆ ਹੈ। ਜਾਣਕਾਰੀ ਮੁਤਾਬਕ 21 ਵਿਅਕਤੀ ਜ਼ਖਮੀ ਹਨ, ਜਿਨ੍ਹਾਂ ਨੂੰ ਮੈਡੀਕਲ ਸਹਾਇਤਾ ਦਿੱਤੀ ਜਾ ਰਹੀ ਹੈ ਅਤੇ 300 ਤੋਂ ਵਧੇਰੇ ਇਮਾਰਤਾਂ ਨੁਕਸਾਨੀਆਂ ਗਈਆਂ ਹਨ। 
ਅਧਿਕਾਰੀਆਂ ਨੇ ਜਾਣਕਾਰੀ ਦਿੱਤੀ ਕਿ 2000 ਲੋਕਾਂ ਨੂੰ ਸ਼ੈਲਟਰ ਸੈਂਟਰਾਂ 'ਚ ਭੇਜਿਆ ਗਿਆ ਹੈ। ਕੁਦਰਤੀ ਆਫਤ ਪ੍ਰਬੰਧਕ ਕਮੇਟੀ ਨੇ ਕਿਹਾ ਕਿ 316 ਘਰਾਂ, 4 ਮਸਜਿਦਾਂ ਅਤੇ 2 ਸਕੂਲਾਂ ਦੀਆਂ ਇਮਾਰਤਾਂ ਨੂੰ ਨੁਕਸਾਨ ਪੁੱਜਾ ਹੈ। 200 ਫੌਜੀ, ਰਾਹਤ ਵਿਭਾਗ ਦੇ ਕਈ ਕਰਮਚਾਰੀ ਅਤੇ ਆਫਤ ਪ੍ਰਬੰਧਨ ਏਜੰਸੀ ਦੇ ਕਈ ਅਧਿਕਾਰੀ ਮਿਲ ਕੇ ਲੋਕਾਂ ਨੂੰ ਮਦਦ ਦੇਣ ਲਈ ਕੋਸ਼ਿਸ਼ਾਂ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਲੋਕਾਂ ਨੂੰ ਸਾਫ ਪਾਣੀ ਅਤੇ ਭੋਜਨ ਦੀ ਬਹੁਤ ਜ਼ਰੂਰਤ ਹੈ। ਲੋਕ ਡਰੇ ਹੋਏ ਹਨ ਅਤੇ ਰਾਹਤ ਕਾਰਜ ਚੱਲ ਰਿਹਾ ਹੈ।

ਤੁਹਾਨੂੰ ਦੱਸ ਦਈਏ ਕਿ ਇਸ ਤੋਂ ਪਹਿਲਾਂ ਸੋਮਵਾਰ ਨੂੰ ਵੀ ਇੱਥੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਸਨ ਪਰ ਉਸ ਸਮੇਂ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਨਹੀਂ ਹੋਇਆ ਸੀ। ਇੰਡੋਨੇਸ਼ੀਆ ਨੂੰ ਭੂਚਾਲ ਸ਼ੱਕੀ ਖੇਤਰ ਮੰਨਿਆ ਜਾਂਦਾ ਹੈ। ਇੱਥੇ 2004 ਵਿਚ ਭੂਚਾਲ ਤੋਂ ਬਾਅਦ ਆਈ ਸੁਨਾਮੀ ਵਿਚ 170,000 ਤੋਂ ਜ਼ਿਆਦਾ ਲੋਕ ਮਾਰੇ ਗਏ ਸਨ ।