ਪਾਕਿ ''ਚ ਭਾਰਤੀ ਹਾਈ ਕਮਿਸ਼ਨ ਦੇ 2 ਅਧਿਕਾਰੀ ਗ੍ਰਿਫਤਾਰ

06/15/2020 9:07:03 PM

ਇਸਲਾਮਾਬਾਦ (ਭਾਸ਼ਾ): ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ਵਿਚ ਕਥਿਤ ਤੌਰ 'ਤੇ ਇਕ ਵਿਅਕਤੀ ਨੂੰ ਕਾਰ ਨਾਲ ਦਰੜ ਕੇ ਉਸ ਨੂੰ ਗੰਭੀਰ ਰੂਪ ਨਾਲ ਜ਼ਖਮੀ ਕਰਨ ਤੋਂ ਬਾਅਦ ਭੱਜਣ ਦੀ ਕੋਸ਼ਿਸ਼ ਕਰਦੇ ਹੋਏ ਸੋਮਵਾਰ ਨੂੰ ਭਾਰਤ ਹਾਈ ਕਮਿਸ਼ਨ ਦੇ 2 ਅਧਕਾਰੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਮੀਡੀਆ ਵਿਚ ਆਈਆਂ ਖਬਰਾਂ ਵਿਚ ਇਹ ਜਾਣਕਾਰੀ ਦਿੱਤੀ ਗਈ ਹੈ।

ਜਿਓ ਨਿਊਜ਼ ਨੇ ਕੁਝ ਚਸ਼ਮਦੀਦਾਂ ਦਾ ਜ਼ਿਕਰ ਕਰਦੇ ਹੋਏ ਆਪਣੀ ਖਬਰ ਵਿਚ ਕਿਹਾ ਕਿ ਇਕ ਬੀ.ਐੱਮ.ਡਬਲਯੂ. ਕਾਰ ਨੇ ਸ਼ਹਿਰ ਦੀ ਅੰਬੈਸੀ ਰੋਡ 'ਤੇ ਸਵੇਰੇ ਤਕਰੀਬਨ 8 ਵਜੇ ਇਕ ਪੈਦਲ ਯਾਤਰੀ ਨੂੰ ਟੱਕਰ ਮਾਰੀ ਤੇ ਉਸ ਤੋਂ ਬਾਅਦ ਉਥੋਂ ਭੱਜਣ ਦੀ ਕੋਸ਼ਿਸ਼ ਕੀਤੀ। ਪੈਦਲ ਯਾਤਰੀ ਇਸ ਦੌਰਾਨ ਗੰਭੀਰ ਜ਼ਖਮੀ ਹੋ ਗਿਆ ਤੇ ਉਸ ਨੂੰ ਇਲਾਜ ਲਈ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਖਬਰ ਵਿਚ ਕਿਹਾ ਗਿਆ ਹੈ ਕਿ ਮੌਕੇ 'ਤੇ ਮੌਜੂਦ ਲੋਕਾਂ ਦੀ ਵੱਡੀ ਭੀੜ ਨੇ ਕਾਰ ਵਿਚ ਸਵਾਰ ਦੋ ਲੋਕਾਂ ਨੂੰ ਫੜ ਲਿਆ ਤੇ ਉਨ੍ਹਾਂ ਨੂੰ ਇਸਲਾਮਾਬਾਦ ਪੁਲਸ ਦੇ ਹਵਾਲੇ ਕਰ ਦਿੱਤਾ। ਉਨ੍ਹਾਂ ਦੀ ਗ੍ਰਿਫਤਾਰੀ ਤੋਂ ਬਾਅਦ ਪੁਲਸ ਨੂੰ ਪਤਾ ਲੱਗਿਆ ਕਿ ਉਹ ਦੋਵੇਂ ਭਾਰਤੀ ਹਾਈ ਕਮਿਸ਼ਨ ਦੇ ਕਰਮਚਾਰੀ ਹਨ। 

ਚੈਨਲ ਨੇ ਚਸ਼ਮਦੀਦਾਂ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਕਾਰ ਗੈਰ-ਜ਼ਿੰਮੇਦਾਰਾਨਾ ਤਰੀਕੇ ਨਾਲ ਚਲਾਈ ਜਾ ਰਹੀ ਸੀ ਤੇ ਤੇਜ਼ ਰਫਤਾਰ ਦੇ ਕਾਰਣ ਉਹ ਕੰਟਰੋਲ ਤੋਂ ਬਾਹਰ ਹੋ ਗਈ। ਪੀੜਤ ਸੜਕ ਦੇ ਕਿਨਾਰੇ ਫੁੱਟਪਾਥ 'ਤੇ ਤੁਰ ਰਿਹਾ ਸੀ ਜਦੋਂ ਕਾਰ ਨੇ ਉਸ ਨੂੰ ਟੱਕਰ ਮਾਰ ਦਿੱਤੀ। ਹੁਣ ਤੱਕ ਪਾਕਿਸਤਾਨੀ ਅਧਿਕਾਰੀਆਂ ਜਾਂ ਭਾਰਤੀ ਹਾਈ ਕਮਿਸ਼ਨ ਵਲੋਂ ਇਸ ਘਟਨਾ ਬਾਰੇ ਕੋਈ ਬਿਆਨ ਜਾਰੀ ਨਹੀਂ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਭਾਰਤ ਨੇ ਸੋਮਵਾਰ ਨੂੰ ਨਵੀਂ ਦਿੱਲੀ ਵਿਚ ਪਾਕਿਸਤਾਨ ਦੇ ਉਪ-ਰਾਜਦੂਤ ਨੂੰ ਤਲਬ ਕਰਕੇ ਇਸਲਾਮਾਬਾਦ ਵਿਚ ਦੋ ਭਾਰਤੀ ਹਾਈ ਕਮਿਸ਼ਨ ਦੇ ਕਰਮਚਾਰੀਆਂ ਦੀ ਕਥਿਤ ਗ੍ਰਿਫਤਾਰੀ 'ਤੇ ਵਿਰੋਧ ਵਿਅਕਤ ਕੀਤਾ ਸੀ। ਇਹ ਘਟਨਾ ਭਾਰਤ ਵਲੋਂ ਦੋ ਹਫਤੇ ਪਹਿਲਾਂ ਪਾਕਿਸਤਾਨੀ ਹਾਈ ਕਮਿਸ਼ਨ ਦੇ ਦੋ ਕਰਮਚਾਰੀਆਂ ਨੂੰ ਜਾਸੂਸੀ ਦੇ ਦੋਸ਼ਾਂ ਵਿਚ ਦੇਸ਼ ਤੋਂ ਕੱਢੇ ਜਾਣ ਤੋਂ ਬਾਅਦ ਹੋਈ ਹੈ।


Baljit Singh

Content Editor

Related News