ਚੀਨ ''ਚੋਂ 2 ਕੈਨੇਡੀਅਨਾਂ ਨੂੰ ਰਿਹਾਅ ਕਰਾਉਣ ਲਈ ਪੂਰਾ ਜ਼ੋਰ ਲਾ ਰਹੇ ਹਾਂ : ਪੋਂਪੀਓ

08/23/2019 10:13:37 PM

ਓਟਾਵਾ - ਕੈਨੇਡਾ ਦੇ ਦੌਰੇ 'ਤੇ ਆਏ ਅਮਰੀਕਾ ਦੇ ਵਿਦੇਸ਼ ਮੰਤਰੀ ਮਾਇਕ ਪੋਂਪੀਓ ਨੇ ਚੀਨ 'ਚ ਨਜ਼ਰਬੰਦ 2 ਕੈਨੇਡੀਅਨਾਂ ਦੇ ਮਾਮਲੇ ਨੂੰ ਅਮਰੀਕਾ ਦੇ ਆਖਣ 'ਤੇ ਚੀਨ ਦੀ ਟੈਕਨੀਕਲ ਐਗਜ਼ੈਕਟਿਵ ਮੈਂਗ ਵਾਨਜ਼ੋਊ ਦੀ ਗ੍ਰਿਫਤਾਰੀ ਦੇ ਬਰਾਬਰ ਦਾ ਮੁੱਦਾ ਮੰਨਣ ਤੋਂ ਇਨਕਾਰ ਕਰ ਦਿੱਤਾ। ਇਸ ਨਾਲ ਪਹਿਲਾਂ ਤੋਂ ਹੀ ਕੈਨੇਡਾ ਅਤੇ ਚੀਨ ਦੇ ਸਬੰਧਾਂ 'ਚ ਆਈ ਕੜਵਾਹਟ ਹੋਰ ਵੱਧ ਸਕਦੀ ਹੈ। ਜ਼ਿਕਰਯੋਗ ਹੈ ਕਿ ਈਰਾਨ 'ਤੇ ਲੱਗੀਆਂ ਪਾਬੰਦੀਆਂ ਦੀ ਉਲੰਘਣਾ ਕਰਨ ਦੇ ਦੋਸ਼ 'ਚ ਅਮਰੀਕਾ ਚੀਨੀ ਕੰਪਨੀ ਹੁਆਵੇਈ ਦੀ ਐਗਜ਼ੈਕਟਿਵ ਮੈਂਗ ਵਾਨਜ਼ੋਊ 'ਤੇ ਕਾਨੂੰਨੀ ਕਾਰਵਾਈ ਕਰਨੀ ਚਾਹੁੰਦਾ ਸੀ।

 

ਅਮਰੀਕੀ ਅਧਿਕਾਰੀਆਂ ਦੇ ਆਖਣ 'ਤੇ ਹੀ ਮੈਂਗ ਨੂੰ ਵੈਨਕੂਵਰ 'ਚ ਗ੍ਰਿਫਤਾਰ ਕਰ ਲਿਆ ਗਿਆ। ਇਸ ਗ੍ਰਿਫਤਾਰੀ ਤੋਂ ਕੁਝ ਦੇਰ ਬਾਅਦ ਹੀ ਕੈਨੇਡੀਅਨ ਨਾਗਰਿਕ ਮਾਈਕਲ ਕੋਵਰਿਗ ਅਤੇ ਮਾਈਕਲ ਸਪੇਵਰ ਨੂੰ ਚੀਨ 'ਚ ਨਜ਼ਰਬੰਦ ਕਰ ਲਿਆ ਗਿਆ ਸੀ। ਵਾਨਜ਼ੋਊ ਦੀ ਹਵਾਲਗੀ ਸਬੰਧੀ ਸੁਣਵਾਈ ਅਜੇ ਵੀ ਚੱਲ ਰਹੀ ਹੈ। ਕੈਨੇਡਾ ਦੇ ਅਧਿਕਾਰਕ ਦੌਰੇ 'ਤੇ ਆਏ ਪੋਂਪੀਓ ਨੇ ਆਖਿਆ ਕਿ ਕੈਨੇਡੀਅਨ ਨਾਗਰਿਕਾਂ ਨੂੰ ਨਜ਼ਰਬੰਦ ਕੀਤੇ ਜਾਣ ਅਤੇ ਮੈਂਗ ਦੀ ਗ੍ਰਿਫਤਾਰੀ ਦਾ ਮਾਮਲਾ ਇਕੋਂ ਜਿਹਾ ਨਹੀਂ ਹੈ। ਉਨ੍ਹਾਂ ਇਹ ਵੀ ਸਪਸ਼ਟ ਕੀਤਾ ਕਿ ਇਨ੍ਹਾਂ ਦੋਵਾਂ ਮਾਮਲਿਆਂ ਨੂੰ ਰਲਾਈ ਜਾਣ ਦੀ ਗਲਤਫਹਿਮੀ ਬਾਰੇ ਹੀ ਚੀਨ ਗੱਲ ਕਰਨੀ ਚਾਹੁੰਦਾ ਹੈ ਅਤੇ ਇਸੇ ਨੁਕਤੇ ਨੂੰ ਹਵਾ ਦੇਣੀ ਚਾਹੁੰਦਾ ਹੈ। ਉਨ੍ਹਾਂ ਆਖਿਆ ਕਿ ਇਹ ਦੋਵੇਂ ਮੁੱਦੇ ਮੂਲ ਰੂਪ 'ਚ ਹੀ ਇੱਕ ਦੂਜੇ ਤੋਂ ਅਲੱਗ ਹਨ।

Khushdeep Jassi

This news is Content Editor Khushdeep Jassi