ਕੈਲਗਰੀ ਦੇ ਦੋ ਸਕੂਲਾਂ ਦੇ ਵਿਦਿਆਰਥੀ ਹੋਏ ਕੋਰੋਨਾ ਦੇ ਸ਼ਿਕਾਰ, ਮਚੀ ਹਫੜਾ ਦਫੜੀ

02/03/2021 2:21:10 PM

ਕੈਲਗਰੀ- ਕੈਨੇਡਾ ਦੇ ਕਈ ਸ਼ਹਿਰਾਂ ਵਿਚ ਕੋਰੋਨਾ ਦੇ ਨਵੇਂ ਸਟ੍ਰੇਨ ਦੇ ਮਾਮਲੇ ਦਰਜ ਹੋ ਰਹੇ ਹਨ। ਕੈਲਗਰੀ ਦੇ ਦੋ ਸਕੂਲਾਂ ਵਿਚ ਦੋ ਵਿਦਿਆਰਥੀ ਇਸ ਨਵੇਂ ਸਟ੍ਰੇਨ ਦੇ ਸ਼ਿਕਾਰ ਹੋਏ ਹਨ ਤੇ ਇਸ ਮਗਰੋਂ ਸਕੂਲ ਦੇ ਵਿਦਿਆਰਥੀ ਤੇ ਅਧਿਆਪਕ ਇਕਾਂਤਵਾਸ ਕਰ ਦਿੱਤੇ ਗਏ ਹਨ। 


ਅਲਬਰਟਾ ਦੀ ਮੁੱਖ ਸਿਹਤ ਅਧਿਕਾਰੀ ਡਾਕਟਰ ਡੀਨਾ ਹਿਨਸ਼ਾਅ ਨੇ ਦੱਸਿਆ ਕਿ ਕੋਰੋਨਾ ਵਾਇਰਸ ਕਾਰਨ ਪਹਿਲਾਂ ਹੀ ਕਾਫੀ ਡਰ ਦਾ ਮਾਹੌਲ ਸੀ ਪਰ ਹੁਣ ਨਵੇਂ ਸਟ੍ਰੇਨ ਨੇ ਚਿੰਤਾ ਹੋਰ ਵਧਾ ਦਿੱਤੀ ਹੈ। ਦੱਸਿਆ ਜਾ ਰਿਹਾ ਹੈ ਕਿ ਬੀਮਾਰ ਹੋਏ ਇਹ ਦੋਵੇਂ ਵਿਦਿਆਰਥੀ ਯਾਤਰਾ ਕਰਕੇ ਆਏ ਹਨ। ਫਿਲਹਾਲ ਵਿਦਿਆਰਥੀਆਂ ਦੀ ਪਛਾਣ ਤੇ ਸਕੂਲ ਦਾ ਨਾਂ ਸਾਂਝਾ ਨਹੀਂ ਕੀਤਾ ਗਿਆ। ਸਕੂਲ ਨੇ ਦੱਸਿਆ ਕਿ ਇਹ ਵਿਦਿਆਰਥੀ ਬੀਮਾਰ ਹੋਣ ਦੇ ਬਾਵਜੂਦ ਸਕੂਲ ਆਏ ਸਨ।


ਅਧਿਆਪਕ ਵੀ ਵਾਇਰਸ ਦੇ ਤੇਜ਼ੀ ਨਾਲ ਫੈਲਣ ਸਬੰਧੀ ਚਿੰਤਤ ਹਨ। ਅਲਬਰਟਾ ਅਧਿਆਪਕ ਐਸੋਸੀਏਸ਼ਨ ਦੇ ਪ੍ਰਧਾਨ ਜੇਸਨ ਸ਼ਿਲਿੰਗ ਨੇ ਕਿਹਾ ਕਿ ਵਿਗਿਆਨ ਸਾਨੂੰ ਦੱਸਦਾ ਹੈ ਕਿ ਕੋਰੋਨਾ ਦਾ ਇਹ ਰੂਪ ਨੌਜਵਾਨਾਂ ਵਿਚ ਤੇਜ਼ੀ ਨਾਲ ਫੈਲਦਾ ਹੈ ਅਤੇ ਇਹ ਅਧਿਆਪਕਾਂ ਲਈ ਚਿੰਤਾ ਦਾ ਵਿਸ਼ਾ ਹੈ।

ਅਲਬਰਟਾ ਦੀ ਐੱਨ. ਡੀ. ਪੀ. ਪਾਰਟੀ ਮੁਤਾਬਕ ਇਸ ਵਾਇਰਸ 'ਤੇ ਗਲੋਬਲ ਜਾਣਕਾਰੀ ਦੀ ਘਾਟ ਹੋਣ ਕਾਰਨ ਸੂਬੇ ਨੂੰ ਚਾਹੀਦਾ ਹੈ ਕਿ ਫਿਲਹਾਲ ਸੂਬੇ ਵਿਚ ਕੋਰੋਨਾ ਪਾਬੰਦੀਆਂ ਨੂੰ ਸਖ਼ਤ ਕੀਤਾ ਜਾਵੇ। 

Lalita Mam

This news is Content Editor Lalita Mam