ਅਮਰੀਕਾ: ਗੈਰ-ਕਾਨੂੰਨੀ ਦਾਖਲੇ ਕਾਰਨ ਜੇਲਾਂ 'ਚ ਬੰਦ ਹਨ 2,382 ਭਾਰਤੀ

11/12/2018 7:41:02 PM

ਵਾਸ਼ਿੰਗਟਨ— ਨਵੇਂ ਜਾਰੀ ਅੰਕੜਿਆਂ ਮੁਤਾਬਕ ਸ਼ਰਣ ਮੰਗਣ ਲਈ ਗੈਰ-ਕਾਨੂੰਨੀ ਰੂਪ ਨਾਲ ਸਰਹੱਦ ਪਾਰ ਕਰਕੇ ਅਮਰੀਕਾ 'ਚ ਦਾਖਲ ਹੋਣ ਦੇ ਮਾਮਲੇ 'ਚ ਵੱਖ-ਵੱਖ ਅਮਰੀਕੀ ਜੇਲਾਂ 'ਚ ਤਕਰੀਬਨ 2400 ਭਾਰਤੀ ਬੰਦ ਹਨ। ਇਨ੍ਹਾਂ ਵਿਅਕਤੀਆਂ 'ਚ ਵੱਡੀ ਗਿਣਤੀ ਪੰਜਾਬ ਤੋਂ ਆਉਣ ਵਾਲਿਆਂ ਦੀ ਹੈ। ਉਨ੍ਹਾਂ ਦਾ ਦਾਅਵਾ ਹੈ ਕਿ ਉਹ ਭਾਰਤ 'ਚ ਹਿੰਸਾ ਜਾਂ ਉਤਪੀੜਨ ਦੇ ਸ਼ਿਕਾਰ ਹਨ।

ਸੂਚਨਾ ਅਧਿਕਾਰ ਦੇ ਤਹਿਤ ਨਾਰਥ ਅਮਰੀਕਨ ਪੰਜਾਬੀ ਐਸੋਸੀਏਸ਼ਨ ਨੇ ਜੋ ਸੂਚਨਾ ਹਾਸਿਲ ਕੀਤੀ ਹੈ, ਉਸ ਦੇ ਮੁਤਾਬਕ 2382 ਭਾਰਤੀ 86 ਅਮਰੀਕੀ ਜੇਲਾਂ 'ਚ ਬੰਦ ਹਨ। 10 ਅਕਤੂਬਰ ਤੱਕ ਦੇ ਅੰਕੜਿਆਂ ਮੁਤਾਬਕ 377 ਭਾਰਤੀ ਨਾਗਰਿਕ ਕੈਲੀਫੋਰਨੀਆ ਦੀ ਏਡੇਲਾਂਟੋ ਇਮੀਗ੍ਰੇਸ਼ਨ ਐਂਡ ਕਸਟਮਸ ਸੈਂਟਰ 'ਚ ਹਿਰਾਸਤ 'ਚ ਹਨ ਜਦਕਿ 269 ਇੰਪੀਰੀਅਲ ਰਿਜ਼ਨਲ ਐਡਲਟ ਡਿਟੇਂਸ਼ਨ ਫੈਸਿਲਟੀ 'ਚ ਤੇ 245 ਫੈਡਰਲ ਕਰੈਕਸ਼ਨਲ ਇੰਸਟੀਚਿਊਸ਼ਨ ਵਿਕਟਰਵਿਲੇ 'ਚ ਹਿਰਾਸਤ 'ਚ ਹਨ।

ਨਾਪਾ ਦੇ ਪ੍ਰਧਾਨ ਸਤਨਾਮ ਐੱਸ.ਚਹਲ ਨੇ ਇਕ ਪੱਤਰਕਾਰ ਏਜੰਸੀ ਨੂੰ ਦੱਸਿਆ ਕਿ ਸੰਘੀ ਜੇਲਾਂ 'ਚ ਜ਼ਿਆਦਾਤਰ ਬੰਦੀ ਇਹ ਦਾਅਵਾ ਕਰ ਰਹੇ ਹਨ ਕਿ ਉਨ੍ਹਾਂ ਨੇ ਆਪਣੇ ਦੇਸ਼ 'ਚ ਹਿੰਸਾ ਜਾਂ ਉਤਪੀੜਨ ਦਾ ਸਾਹਮਣਾ ਕੀਤਾ ਹੈ।