ਅਫਗਾਨਿਸਤਾਨ ਦੀ ਯੂਨੀਵਰਸਿਟੀ 'ਚ ਹੋਇਆ ਧਮਾਕਾ, 19 ਵਿਦਿਆਰਥੀ ਜ਼ਖਮੀ

10/08/2019 3:09:01 PM

ਕਾਬੁਲ— ਮੰਗਲਵਾਰ ਨੂੰ ਅਫਗਾਨਿਸਤਾਨ ਦੀ ਇਕ ਯੂਨੀਵਰਸਿਟੀ 'ਚ ਬੰਬ ਧਮਾਕਾ ਹੋਇਆ, ਜਿਸ ਕਾਰਨ 19 ਵਿਦਿਆਰਥੀ ਜ਼ਖਮੀ ਹੋ ਗਏ। ਜਾਣਕਾਰੀ ਮੁਤਾਬਕ ਅਫਗਾਨਿਸਤਾਨ ਦੇ ਸ਼ਹਿਰ ਗਜ਼ਨੀ 'ਚ ਸਵੇਰੇ 9.40 ਵਜੇ ਕਲਾਸ 'ਚ ਧਮਾਕਾ ਹੋਇਆ। ਯੂਨੀਵਰਸਿਟੀ ਦੇ 19 ਵਿਦਿਆਰਥੀ ਜ਼ਖਮੀ ਹੋ ਗਏ, ਜਿਨ੍ਹਾਂ 'ਚੋਂ 12 ਔਰਤਾਂ ਹਨ। ਦੱਸਿਆ ਜਾ ਰਿਹਾ ਹੈ ਕਿ ਜ਼ਖਮੀਆਂ 'ਚੋਂ 2 ਦੀ ਹਾਲਤ ਗੰਭੀਰ ਹੈ।

 

ਕਲਾਸ 'ਚ ਧਮਾਕਾਖੇਜ਼ ਪਦਾਰਥ ਕਿਵੇਂ ਆਏ ਇਸ ਸਬੰਧੀ ਅਜੇ ਜਾਂਚ ਚੱਲ ਰਹੀ ਹੈ। ਜਾਂਚ ਅਧਿਕਾਰੀਆਂ ਵਲੋਂ ਇਹ ਵੀ ਕਿਹਾ ਜਾ ਰਿਹਾ ਹੈ ਕਿ ਗਜ਼ਨੀ ਸੂਬੇ ਦੇ ਕਈ ਵਿਦਿਆਰਥੀਆਂ ਦੇ ਅੱਤਵਾਦੀਆਂ ਨਾਲ ਸਬੰਧ ਹਨ ਤੇ ਹੋ ਸਕਦਾ ਹੈ ਕਿ ਉਹ ਹੀ ਇਸ ਧਮਾਕੇ ਦਾ ਕਾਰਨ ਹੋਣ। ਇਸ ਤੋਂ ਪਹਿਲਾਂ ਕਈ ਵਿਦਿਆਰਥੀਆਂ ਨੂੰ ਸ਼ੱਕ ਦੇ ਆਧਾਰ 'ਤੇ ਹਿਰਾਸਤ 'ਚ ਲਿਆ ਗਿਆ ਸੀ। ਅਜੇ ਤਕ ਕਿਸੇ ਨੇ ਵੀ ਇਸ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ।

ਜ਼ਿਕਰਯੋਗ ਹੈ ਕਿ ਇਸ ਤੋਂ ਇਕ ਦਿਨ ਪਹਿਲਾਂ ਨਨਗਰਹਾਰ ਸੂਬੇ 'ਚ ਬੱਸ ਧਮਾਕੇ ਕਾਰਨ 10 ਲੋਕਾਂ ਦੀ ਮੌਤ ਹੋ ਗਈ ਸੀ ਤੇ ਹੋਰ 27 ਜ਼ਖਮੀ ਹੋ ਗਏ ਸਨ।