259 ਸਾਲ ਪੁਰਾਣੀ ਹਵੇਲੀ ਨੂੰ ਸਮੁੰਦਰੀ ਰਸਤਿਓਂ ਸ਼ਿਫਟ ਕਰਨਾ ਬਣਿਆ ਚਰਚਾ ਦਾ ਵਿਸ਼ਾ

09/30/2019 11:04:39 AM

ਮੈਰੀਲੈਂਡ— 1760 'ਚ ਬਣੀ ਇਕ ਪੁਰਾਣੀ ਹਵੇਲੀ ਨੂੰ ਇਕ ਵੱਡੀ ਕਿਸ਼ਤੀ 'ਤੇ ਲੱਦ ਕੇ ਈਸਟਰਨ ਤੋਂ ਕੁਈਨਜ਼ਲੈਂਡ (ਮੈਰੀਲੈਂਡ) ਦੇ ਡੇਕੋਰਸੀ ਕੋਵ ਲੈ ਜਾਇਆ ਜਾ ਰਿਹਾ ਹੈ। ਜੇਕਰ ਸਭ ਠੀਕ ਰਿਹਾ ਤਾਂ 'ਗੈਲਾਵੋ ਹਾਊਸ' ਹੁਣ ਨੀਲੀ ਪਰਿਵਾਰ ਦੀ ਜਾਇਦਾਦ ਬਣ ਜਾਵੇਗਾ। ਅਸਲ 'ਚ ਨੀਲੀ ਪਰਿਵਾਰ ਆਪਣੇ ਭਵਿੱਖ ਦੀਆਂ ਪੀੜ੍ਹੀਆਂ ਲਈ ਇਕ 'ਹੋਮ ਕਮਿੰਗ ਡੈਸਟੀਨੇਸ਼ਨ' ਬਣਾਉਣਾ ਚਾਹੁੰਦਾ ਸੀ। ਨਵਾਂ ਘਰ ਬਣਾਉਣ ਦੀ ਥਾਂ ਉਨ੍ਹਾਂ ਨੇ ਬਣੀ ਬਣਾਈ ਪੁਰਾਣੀ ਹਵੇਲੀ ਨੂੰ ਮੂਵ ਕਰਕੇ ਆਪਣੀ ਥਾਂ 'ਤੇ ਲੈ ਜਾਣਾ ਵਧੇਰੇ ਚੰਗਾ ਸਮਝਿਆ, ਜੋ ਲਗਭਗ 259 ਸਾਲ ਪੁਰਾਣੀ ਹੈ। ਸੋਸ਼ਲ ਮੀਡੀਆ 'ਤੇ ਇਸ ਘਰ ਦੇ ਸ਼ਿਫਟ ਕੀਤੇ ਜਾਣ ਨੂੰ ਲੈ ਕੇ ਕਾਫੀ ਚਰਚਾ ਹੈ।

ਇਸ ਤਿੰਨ ਮੰਜ਼ਲਾ 800,000 ਪੌਂਡ ਭਾਰ (3.62 ਲੱਖ ਕਿਲੋ) ਵਾਲੀ ਹਵੇਲੀ ਨੂੰ 6 ਮੀਲ ਰੋਡ ਤੋਂ ਈਸਟਰਨ ਕਸਬੇ, ਫਿਰ ਟਰੇਡ ਐਵਨ ਤੋਂ 50 ਮੀਲ ਪਾਣੀ ਦੇ ਰਸਤੇ ਅਤੇ ਇਸ ਬਾਅਦ ਸੜਕ ਤੋਂ ਡੇਕੋਰਸੀ ਕੋਵ ਸ਼ਿਫਟ ਕਰਨ ਦਾ ਖਰਚਾ ਤਕਰੀਬਨ ਇਕ ਮਿਲੀਅਨ ਡਾਲਰ ਆਵੇਗਾ। ਹਾਲਾਂਕਿ ਪਰਿਵਾਰ ਦਾ ਕਹਿਣਾ ਹੈ ਕਿ ਜੇਕਰ ਉਹ ਨਵਾਂ ਘਰ ਬਣਾਉਂਦੇ ਤਾਂ ਉਨ੍ਹਾਂ ਨੂੰ ਵਧੇਰੇ ਮਹਿੰਗਾ ਪੈਣਾ ਸੀ।

ਕ੍ਰਿਸ਼ਚੀਅਨ ਨੀਲੀ ਅਤੇ ਉਨ੍ਹਾਂ ਦੇ ਮਾਂ-ਬਾਪ ਨੇ ਇਸ ਖਰਚ ਨੂੰ ਅੱਧਾ-ਅੱਧਾ ਵੰਡਣ ਦਾ ਫੈਸਲਾ ਕੀਤਾ ਹੈ। ਉਹ ਪਾਣੀ 'ਤੇ ਜਾਰਜਿਆਈ ਸ਼ੈਲੀ ਦਾ ਘਰ ਲੱਭਣਾ ਚਾਹੁੰਦੇ ਸਨ ਪਰ ਫਿਰ ਇਨ੍ਹਾਂ ਨੇ ਇਸ ਹਵੇਲੀ ਨੂੰ ਠੀਕ ਕਰਵਾਉਣ ਬਾਰੇ ਸੋਚਿਆ। ਉਨ੍ਹਾਂ ਦੱਸਿਆ ਕਿ ਹਵੇਲੀ ਦੇ ਜਿਨ੍ਹਾਂ ਹਿੱਸਿਆਂ ਨੂੰ ਬਦਲਿਆ ਜਾਵੇਗਾ, ਉਸ ਨੂੰ ਕਬਾੜ ਲਈ ਨਹੀਂ ਸੁੱਟਿਆ ਜਾਵੇਗਾ ਸਗੋਂ ਇਹ ਜ਼ਰੂਰਤਮੰਦਾਂ ਨੂੰ ਦੇ ਦਿੱਤੇ ਜਾਣਗੇ।
ਇਸ ਹਵੇਲੀ ਨੂੰ ਕਈ 100 ਸਾਲਾਂ ਤਕ ਚੱਲਣ ਲਈ ਬਹੁਤ ਵਧੀਆ ਢੰਗ ਨਾਲ ਬਣਾਇਆ ਗਿਆ ਸੀ। ਪਰਿਵਾਰ ਇਸ ਹਵੇਲੀ ਨੂੰ 18ਵੀਂ ਸਦੀ ਵਰਗੀ ਹਾਲਤ 'ਚ ਰੱਖਣਾ ਚਾਹੁੰਦਾ ਹੈ।