'ਈਸਟਰ ਸੰਡੇ' ਬੰਬ ਧਮਾਕੇ : 176 ਬੱਚਿਆਂ ਦੇ ਸਿਰ ਤੋਂ ਉੱਠਿਆ ਮਾਂ-ਬਾਪ ਦਾ ਸਾਇਆ

06/25/2019 3:26:20 PM

ਕੋਲੰਬੋ— ਸ਼੍ਰੀਲੰਕਾ 'ਚ ਈਸਟਰ ਸੰਡੇ ਮੌਕੇ ਹੋਏ ਭਿਆਨਕ ਬੰਬ ਧਮਾਕਿਆਂ 'ਚ 250 ਤੋਂ ਵਧੇਰੇ ਲੋਕਾਂ ਦੀ ਮੌਤ ਹੋ ਗਈ ਸੀ। ਇਸ ਕਾਰਨ ਲਗਭਗ 176 ਬੱਚਿਆਂ ਦੇ ਸਿਰ ਤੋਂ ਮਾਂ-ਬਾਪ ਦਾ ਸਾਇਆ ਉੱਠ ਗਿਆ। ਜਾਣਕਾਰੀ ਮੁਤਾਬਕ ਅੱਤਵਾਦੀ ਹਮਲੇ ਕਾਰਨ ਬਹੁਤ ਸਾਰੇ ਬੱਚਿਆਂ ਦੇ ਮਾਂ-ਬਾਪ 'ਚੋਂ ਇਕ ਦੀ ਮੌਤ ਹੋ ਗਈ ਜਦਕਿ ਕਈਆਂ ਦੇ ਮਾਂ-ਬਾਪ ਦੋਵੇਂ ਮਾਰੇ ਗਏ। ਇਸ ਦਰਦਨਾਕ ਹਾਦਸੇ ਨੇ ਅਜਿਹੇ ਡੂੰਘੇ ਦਰਦ ਦਿੱਤੇ ਹਨ ਕਿ ਇਨ੍ਹਾਂ ਨੂੰ ਭੁੱਲ ਸਕਣਾ ਬਹੁਤ ਮੁਸ਼ਕਲ ਹੈ।


ਜ਼ਿਕਰਯੋਗ ਹੈ ਕਿ 21 ਅਪ੍ਰੈਲ, 2019 ਨੂੰ ਜਿਸ ਸਮੇਂ ਲੋਕ ਈਸਟਰ ਸੰਡੇ ਦਾ ਜਸ਼ਨ ਮਨਾ ਰਹੇ ਸਨ , ਉਸ ਸਮੇਂ ਅੱਤਵਾਦੀਆਂ ਨੇ ਹੋਟਲਾਂ ਅਤੇ ਚਰਚਾਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਧਮਾਕੇ ਕੀਤੇ। ਇਸ ਕਾਰਨ ਕਈ ਲੋਕਾਂ ਦੀ ਮੌਤ ਹੋ ਗਈ ਤੇ ਕਈ ਹੋਰ ਜ਼ਖਮੀ ਹੋ ਗਏ। ਕਾਰਡੀਨਲ ਮੈਲਕਮ ਰਨਜੀਥ ਨੇ ਦੱਸਿਆ ਕਿ ਚਰਚ ਵਲੋਂ ਇਨ੍ਹਾਂ ਬੱਚਿਆਂ ਦੀ ਮਦਦ ਕਰਨ ਲਈ ਯਤਨ ਕੀਤੇ ਜਾ ਰਹੇ ਹਨ, ਤਾਂ ਕਿ ਉਨ੍ਹਾਂ ਦਾ ਭਵਿੱਖ ਸੁਧਾਰਿਆ ਜਾ ਸਕੇ। ਕਾਰਡੀਨਲ ਵਲੋਂ ਇਹ ਬਿਆਨ ਰੋਮ ਦੌਰੇ ਦੌਰਾਨ ਦਿੱਤਾ ਗਿਆ। ਉਨ੍ਹਾਂ ਨੇ ਇੱਥੇ ਪੋਪ ਫਰਾਂਸਿਸ ਨਾਲ ਮੁਲਾਕਾਤ ਕੀਤੀ। ਉਨ੍ਹਾਂ ਕਿਹਾ ਕਿ ਚਰਚਾਂ ਦੀ ਮੁੜ ਉਸਾਰੀ ਦਾ ਕੰਮ ਸਰਕਾਰ ਨੇ ਆਪਣੇ ਹੱਥਾਂ 'ਚ ਲਿਆ ਹੈ, ਇਸ ਲਈ ਉਹ ਇਸ ਵੱਲ ਆਪਣਾ ਧਿਆਨ ਨਹੀਂ ਲਗਾ ਰਹੇ। ਇਸ ਅੱਤਵਾਦੀ ਹਮਲੇ ਮਗਰੋਂ ਕਈ ਸ਼ੱਕੀ ਹਿਰਾਸਤ 'ਚ ਲਏ ਗਏ ਹਨ ਤੇ ਅਜੇ ਵੀ ਇੱਥੇ ਐਮਰਜੈਂਸੀ ਲਾਗੂ ਹੈ।