ਹਮਸ਼ਕਲ ਹੋਣ ਦੀ 17 ਸਾਲ ਭੁਗਤੀ ਸਜ਼ਾ, ਹੁਣ ਮਿਲੇਗਾ 8 ਕਰੋੜ ਮੁਆਵਜ਼ਾ

12/24/2018 2:11:36 PM

ਕੰਸਾਸ, (ਏਜੰਸੀ)— ਅਮਰੀਕਾ ਦੇ ਸੂਬੇ ਕੰਸਾਸ 'ਚ ਇਕ ਬੇਕਸੂਰ ਵਿਅਕਤੀ ਰਿਚਰਡ ਐਂਥਨੀ ਜੋਂਸ ਨੂੰ ਆਪਣੇ ਹਮਸ਼ਕਲ ਦੋਸ਼ੀ ਦੀ ਗਲਤੀ ਕਾਰਨ 17 ਸਾਲ ਜੇਲ 'ਚ ਬਤੀਤ ਕਰਨੇ ਪਏ। ਹਾਲਾਂਕਿ ਹੁਣ ਅਸਲ ਦੋਸ਼ੀ ਰਿਕੀ ਲੀ ਅਮੋਸ ਨੇ ਜ਼ੁਰਮ ਕਬੂਲ ਕਰ ਲਿਆ ਹੈ। ਅਦਾਲਤ ਨੇ ਜੋਂਸ ਦੇ ਬੇਕਸੂਰ ਹੋਣ ਦਾ ਸਰਟੀਫਿਕੇਟ ਜਾਰੀ ਕਰ ਦਿੱਤਾ ਹੈ। ਉਸ ਨੂੰ ਮੁਆਵਜ਼ੇ 'ਚ 1.1 ਮਿਲੀਅਨ ਡਾਲਰ (ਤਕਰੀਬਨ 7.71 ਕਰੋੜ ਰੁਪਏ) ਮਿਲਣਗੇ।

ਕੰਸਾਸ ਦੇ ਅਟਾਰਨੀ ਜਨਰਲ ਡੇਰੇਕ ਸ਼ਿਮਟ ਨੇ ਕਿਹਾ-ਅਸੀਂ ਅਸਲੀ ਅਪਰਾਧੀ ਨੂੰ ਫੜਨ 'ਚ ਗਲਤੀ ਕੀਤੀ ਪਰ ਹੁਣ ਸਹੀ ਦੋਸ਼ੀ ਨੇ ਆਪਣਾ ਕਸੂਰ ਸਵਿਕਾਰ ਕਰ ਲਿਆ ਹੈ। ਜਿੰਨਾ ਜਲਦੀ ਹੋ ਸਕੇ, ਅਸੀਂ ਮਾਮਲੇ ਨੂੰ ਨਜਿੱਠਣ ਦੀ ਕੋਸ਼ਿਸ਼ ਕਰ ਰਹੇ ਹਾਂ। ਬੇਕਸੂਰ ਜੋਂਸ ਨੂੰ ਉਹ ਸਾਰੇ ਫਾਇਦੇ ਮਿਲਣਗੇ ਜਿਸ ਦਾ ਉਹ ਹੱਕਦਾਰ ਹੈ। ਜੋਂਸ ਨੇ ਖੁਦ ਦੇ ਬੇਕਸੂਰ ਸਿੱਧ ਹੋਣ 'ਤੇ ਪਿਛਲੇ ਸਾਲ 1.1 ਮਿਲੀਅਨ ਡਾਲਰ ਦੇ ਮੁਆਵਜ਼ੇ ਦੀ ਅਪੀਲ ਕੀਤੀ ਸੀ। ਸ਼ਿਮਟ ਮੁਤਾਬਕ- ਇਹ ਪਹਿਲਾ ਮਾਮਲਾ ਹੈ ਕਿ ਜਿਸ 'ਚ ਗਲਤੀ ਨਾਲ ਫੜੇ ਗਏ ਬੇਕਸੂਰ ਨੇ ਕੋਈ ਕੇਸ ਦਰਜ ਨਹੀਂ ਕੀਤਾ।

ਅਸਲ 'ਚ 1999 'ਚ ਇਕ ਵਿਅਕਤੀ ਨੇ ਰੋਲੈਂਡ ਪਾਰਕ ਸਥਿਤ ਵਾਲਮਾਰਟ ਦੀ ਪਾਰਕਿੰਗ ਤੋਂ ਇਕ ਔਰਤ ਦਾ ਪਰਸ ਖੋਹਣ ਦੀ ਕੋਸ਼ਿਸ਼ ਕੀਤੀ ਅਤੇ ਔਰਤ ਨਾਲ ਉਸ ਦੀ ਝੜਪ ਹੋ ਗਈ। ਪਰਸ ਤਾਂ ਬਚ ਗਿਆ ਪਰ ਚੋਰ ਨੇ ਉਸ ਦਾ ਮੋਬਾਇਲ ਚੋਰੀ ਕਰ ਲਿਆ। ਚਸ਼ਮਦੀਦਾਂ ਨੇ ਪੁਲਸ ਨੂੰ ਦੱਸਿਆ ਕਿ ਅਪਰਾਧੀ ਹਿਸਪੈਨਿਕ (ਮੈਕਸੀਕਨ) ਜਾਂ ਅਫਰੀਕਨ-ਅਮਰੀਕਨ ਹੋ ਸਕਦਾ ਹੈ। ਲੋਕਾਂ ਨੇ ਉਸ ਦਾ ਨਾਂ ਰਿਕੀ ਦੱਸਿਆ। ਇਕ ਚਸ਼ਮਦੀਦ ਨੇ ਲੁਟੇਰੇ ਦੀ ਕਾਰ 'ਤੇ ਲਿਖਿਆ ਲਾਇਸੈਂਸ ਨੰਬਰ ਪੁਲਸ ਨੂੰ ਦੱਸਿਆ। ਜਾਂਚ ਸ਼ੁਰੂ ਹੋਈ ਤਾਂ ਇਕ ਡਰਾਈਵਰ ਨੇ ਜੋਂਸ ਨੂੰ ਰਿਕੀ ਦੇ ਰੂਪ 'ਚ ਪਛਾਣਿਆ। ਜਦ ਕਿ ਸੱਚ ਇਹ ਹੈ ਕਿ ਘਟਨਾ ਵਾਲੇ ਦਿਨ ਜੋਂਸ ਆਪਣੀ ਪ੍ਰੇਮਿਕਾ ਨਾਲ ਜਨਮਦਿਨ ਦੀ ਪਾਰਟੀ 'ਚ ਸੀ। ਇਸ ਦੇ ਦੂਜੇ ਦਿਨ ਜੋਂਸ ਅਤੇ ਉਸ ਦੀ ਪ੍ਰੇਮਿਕਾ ਫਿਲਮ ਦੇਖਣ ਗਏ ਸਨ। ਜਾਂਚ ਦੌਰਾਨ ਜੋਂਸ ਨੂੰ ਦੋਸ਼ੀ ਮੰਨ ਕੇ ਉਸ ਨੂੰ 19 ਸਾਲ ਦੀ ਸਜ਼ਾ ਸੁਣਾਈ ਗਈ।

ਜੋਂਸ ਦੀ ਅਪੀਲ ਵੀ ਖਾਰਜ ਕਰ ਦਿੱਤੀ ਗਈ। ਇਸ ਮਗਰੋਂ ਜੋਂਸ ਨੇ ਕੰਸਾਸ ਯੂਨੀਵਰਸਿਟੀ ਦੇ 'ਪ੍ਰੋਜੈਕਟ ਆਫ ਇਨੋਂਸੈਂਸ' 'ਚ ਅਪਲਾਈ ਕੀਤਾ। ਇਸ ਪ੍ਰੋਜੈਕਟ ਰਾਹੀਂ ਲੋਕਾਂ ਨੂੰ ਇਨਸਾਫ ਦਿਵਾਇਆ ਜਾਂਦਾ ਹੈ। ਪ੍ਰੋਜੈਕਟ ਟੀਮ ਨੇ ਅਸਲ ਅਪਰਾਧੀ ਅਤੇ ਜੋਂਸ ਦੇ ਹਮਸ਼ਕਲ ਰਿਕੀ ਲੀ ਦੀ ਭਾਲ ਕੀਤੀ, ਜਿਨ੍ਹਾਂ ਲੋਕਾਂ ਨੇ ਪਹਿਲਾਂ ਗਵਾਹੀ ਦਿੱਤੀ ਸੀ, ਦੋਬਾਰਾ ਪੁੱਛ-ਪੜਤਾਲ ਦੌਰਾਨ ਉਨ੍ਹਾਂ ਨੇ ਵੀ ਕਿਹਾ ਕਿ ਉਹ ਯਕੀਨੀ ਤੌਰ 'ਤੇ ਨਹੀਂ ਕਹਿ ਸਕਦੇ ਕਿ ਜੋਂਸ ਇਸ ਲੁੱਟ ਮਾਰ 'ਚ ਸ਼ਾਮਲ ਨਹੀਂ ਸੀ। ਅਦਾਲਤ ਨੇ ਬੀਤੇ ਹਫਤੇ ਮੁਆਵਜ਼ੇ ਦੀ ਰਕਮ ਦੇਣ ਦੇ ਹੁਕਮ ਦਿੱਤੇ ਅਤੇ ਇਸ ਦੇ ਇਲਾਵਾ ਜੋਂਸ ਦੇ ਪੂਰੀ ਤਰ੍ਹਾਂ ਬੇਕਸੂਰ ਹੋਣ ਦਾ ਸਰਟੀਫਿਕੇਟ ਵੀ ਜਾਰੀ ਕੀਤਾ ਗਿਆ।


Related News