ਪਾਕਿਸਤਾਨ 'ਚ ਵਾਪਰਿਆ ਸੜਕ ਹਾਦਸਾ, 20 ਲੋਕਾਂ ਦੀ ਮੌਤ

11/20/2017 3:30:44 PM

ਇਸਲਾਮਾਬਾਦ (ਭਾਸ਼ਾ)— ਪਾਕਿਸਤਾਨ ਵਿਚ ਸਿੰਧ ਸੂਬੇ ਵਿਚ ਕੋਲੇ ਨਾਲ ਭਰਿਆ ਟਰੱਕ ਸੋਮਵਾਰ ਨੂੰ ਯਾਤਰੀ ਵੈਨ 'ਤੇ ਡਿੱਗ ਗਿਆ। ਇਸ ਹਾਦਸੇ ਵਿਚ ਘੱਟ ਤੋਂ ਘੱਟ 20 ਲੋਕਾਂ ਦੀ ਮੌਤ ਹੋ ਗਈ। ਪੁਲਸ ਨੇ ਦੱਸਿਆ ਕਿ ਹਾਦਸਾ ਸਿੰਧ ਸੂਬੇ ਦੇ ਖੈਰਪੁਰ ਦੇ ਥੇਰੀ ਬਾਈਪਾਸ ਨੇੜੇ ਹੋਇਆ। ਪੁਲਸ ਨੇ ਕਿਹਾ ਕਿ ਹਾਦਸੇ ਦਾ ਮੁੱਖ ਕਾਰਨ ਸਵੇਰ ਵੇਲੇ ਦੀ ਸੰਘਣੀ ਧੁੰਦ ਅਤੇ ਲਾਪਰਵਾਹੀ ਨਾਲ ਗੱਡੀ ਚਲਾਉਣਾ ਸੀ। ਸਥਾਨਕ ਪੁਲਸ ਮੁਤਾਬਕ,''ਹਾਦਸੇ ਵਿਚ 20 ਲੋਕਾਂ ਦੀ ਮੌਤ ਹੋਈ ਹੈ ਅਤੇ ਪੰਜ ਹੋਰ ਜ਼ਖਮੀ ਹੋਏ ਹਨ।'' ਪੁਲਸ ਅਤੇ ਬਚਾਅ ਅਧਿਕਾਰੀਆਂ ਨੇ ਕਿਹਾ ਕਿ ਕੁਝ ਜ਼ਖਮੀਆਂ ਦੀ ਹਾਲਤ ਨਾਜੂਕ ਹੈ। ਇਸ ਲਈ ਮ੍ਰਿਤਕਾਂ ਦੀ ਗਿਣਤੀ ਵੱਧ ਸਕਦੀ ਹੈ। ਪੁਲਸ ਨੇ ਕਿਹਾ ਕਿ ਕੋਲੇ ਨਾਲ ਪੂਰੀ ਤਰ੍ਹਾਂ ਭਰਿਆ ਹੋਇਆ ਟਰੱਕ, ਵੈਨ ਨੂੰ ਓਵਰਟੇਕ ਕਰਨ ਦੌਰਾਨ ਕੰਟਰੋਲ ਗੁਆ ਬੈਠਾ ਅਤੇ ਉਸ 'ਤੇ ਡਿੱਗ ਪਿਆ। ਵੈਨ ਸਿੰਧ ਵਿਚ ਰਾਣੀਪੁਰ ਤੋਂ ਸੁੱਕਰ ਜਾ ਰਹੀ ਸੀ। ਜ਼ਖਮੀਆਂ ਨੂੰ ਨੇੜੇ ਦੇ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਇੱਥੇ ਦੋ ਜ਼ਖਮੀ ਯਾਤਰੀਆਂ ਦੀ ਹਾਲਤ ਨਾਜੁਕ ਦੱਸੀ ਜਾ ਰਹੀ ਹੈ।