ਵੈਨਜ਼ੁਏਲਾ ''ਚ ਤਖਤਾ ਪਲਟ ਦੀਆਂ ਕੋਸ਼ਿਸ਼ਾਂ ਦੇ ਦੋਸ਼ ਤਹਿਤ 17 ਹਿਰਾਸਤ ''ਚ

06/12/2019 1:01:07 PM

ਕਾਰਾਕਸ— ਵੈਨਜ਼ੁਏਲਾ 'ਚ 30 ਅਪ੍ਰੈਲ ਨੂੰ ਹੋਏ ਫੌਜੀ ਤਖਤਾ ਪਲਟ ਦੀਆਂ ਕੋਸ਼ਿਸ਼ਾਂ ਦੇ ਦੋਸ਼ 'ਚ 17 ਲੋਕਾਂ ਨੂੰ ਹਿਰਾਸਤ 'ਚ ਲਿਆ ਗਿਆ ਹੈ ਜਦਕਿ ਇਸ ਮਾਮਲੇ 'ਚ ਪਹਿਲਾਂ ਹੀ 34 ਲੋਕਾਂ ਨੂੰ ਹਿਰਾਸਤ 'ਚ ਲੈ ਕੇ ਪੁੱਛ-ਪੜਤਾਲ ਕੀਤੀ ਜਾ ਰਹੀ ਹੈ। ਇਸਤਗਾਸਾ ਪੱਖ ਦੇ ਵਕੀਲ ਜਨਰਲ ਟੀ. ਵਿਲੀਅਮ ਨੇ ਮੰਗਲਵਾਰ ਨੂੰ ਇਹ ਗੱਲ ਆਖੀ। ਉਨ੍ਹਾਂ ਨੇ ਦੇਸ਼ 'ਚ ਸ਼ਾਂਤੀ ਬਣਾਏ ਰੱਖਣ 'ਚ ਧਾਰਮਿਕ ਮਾਮਲਿਆਂ ਦੇ ਮੰਤਰਾਲੇ ਦੀ ਮੁੱਖ ਭੂਮਿਕਾ ਦੀ ਸਿਫਤ ਕੀਤੀ। ਉਨ੍ਹਾਂ ਨੇ ਇਸ ਤੋਂ ਪਹਿਲਾਂ ਕਿਹਾ ਸੀ ਕਿ ਫੌਜ ਦੇ ਕੁਝ ਵਿਸ਼ਵਾਸਘਾਤੀ ਜਵਾਨਾਂ ਦੇ ਸਮਰਥਨ ਨਾਲ ਵਿਰੋਧੀ ਨੇਤਾ ਜੁਆਨ ਗੁਇਡੋ ਅਤੇ ਲਿਓਪੋਲਦੀ ਲੋਪੇਜ ਨੇ ਤਖਤਾ ਪਲਟ ਦੀ ਕੋਸ਼ਿਸ਼ ਕੀਤੀ ਸੀ। 

ਉਨ੍ਹਾਂ ਨੇ ਕਿਹਾ ਕਿ ਅਗਸਤ 2018 'ਚ ਰਾਸ਼ਟਰਪਤੀ ਨਿਕੋਲਸ ਮਾਦੁਰੋ ਦੇ ਕਤਲ ਦੀ ਕੋਸ਼ਿਸ਼ ਦੇ ਦੋਸ਼ 'ਚ 38 ਲੋਕ ਦੋਸ਼ੀ ਠਹਿਰਾਏ ਗਏ, ਜਿਨ੍ਹਾਂ 'ਚੋਂ 31 ਲੋਕ ਜੇਲ 'ਚ ਬੰਦ ਹਨ ਅਤੇ ਬਾਕੀ ਦੋਸ਼ੀ ਦੇਸ਼ ਤੋਂ ਬਾਹਰ ਹਨ। ਉਨ੍ਹਾਂ ਨੇ ਕੋਲੰਬੀਆ ਅਤੇ ਅਮਰੀਕਾ ਨੂੰ ਜਾਂਚ 'ਚ ਘਿਰੇ ਆਪਣੇ ਨਾਗਰਿਕਾਂ ਨੂੰ ਵੈਨਜ਼ੁਏਲਾ ਸੌਂਪਣ ਦੀ ਅਪੀਲ ਕੀਤੀ ਹੈ। ਵੈਨਜ਼ੁਏਲਾ 'ਚ ਮੌਜੂਦਾ ਰਾਸ਼ਟਰਪਤੀ ਨਿਕੋਲਸ ਮਾਦੁਰੋ ਦੇ ਖਿਲਾਫ ਹੋ ਰਹੇ ਵਿਰੋਧ ਪ੍ਰਦਰਸ਼ਨਾਂ ਨੂੰ ਦੇਖਦੇ ਹੋਏ ਅਮਰੀਕਾ ਨੇ ਉਸ 'ਤੇ ਕਈ ਤਰ੍ਹਾਂ ਦੀਆਂ ਰੋਕਾਂ ਲਗਾਉਣ ਦੇ ਇਲਾਵਾ ਕਿਹਾ ਹੈ ਕਿ ਉਹ ਫੌਜੀ ਬਦਲ 'ਤੇ ਵਿਚਾਰ ਕਰ ਰਿਹਾ ਹੈ। ਇਸ ਸਮੇਂ ਵੈਨਜ਼ੁਏਲਾ ਬਹੁਤ ਬੁਰੀ ਅਰਥ ਵਿਵਸਥਾ 'ਚੋਂ ਲੰਘ ਰਿਹਾ ਹੈ। ਲੋਕਾਂ ਕੋਲ ਢਿੱਡ ਭਰਨ ਲਈ ਭੋਜਨ ਤਕ ਨਹੀਂ ਹੈ।

ਨੈਸ਼ਨਲ ਅਸੈਂਬਲੀ ਦੇ ਪ੍ਰਧਾਨ ਅਤੇ ਵਿਰੋਧੀ ਨੇਤਾ ਜੁਆਨ ਨੇ 23 ਜਨਵਰੀ ਨੂੰ ਇਨ੍ਹਾਂ ਵਿਰੋਧ ਪ੍ਰਦਰਸ਼ਨਾਂ ਦੀ ਅਗਵਾਈ ਕਰਨ ਦੇ ਨਾਲ ਹੀ ਆਪਣੇ-ਆਪ ਨੂੰ ਦੇਸ਼ ਦਾ ਅੰਤਰਿਮ ਰਾਸ਼ਟਰਪਤੀ ਘੋਸ਼ਿਤ ਕਰ ਦਿੱਤਾ ਸੀ। ਅਮਰੀਕਾ ਦੇ ਇਲਾਵਾ ਹੁਣ ਤਕ ਕੈਨੇਡਾ, ਅਰਜਨਟੀਨਾ, ਬ੍ਰਾਜ਼ੀਲ, ਚਿਲੀ, ਕੋਲੰਬੀਆ, ਕੋਸਟਾ ਰਿਕਾ, ਗੁਆਟੇਮਾਲਾ, ਹੋਂਡੁਰਾਸ, ਪਨਾਮਾ, ਪੈਰਾਗਵੇ ਅਤੇ ਪੇਰੂ ਸਮੇਤ 54 ਦੇਸ਼ਾਂ ਨੇ ਵਿਰੋਧੀ ਪੱਖ ਦੇ ਨੇਤਾ ਜੁਆਨ ਗੁਇਡੋ ਨੂੰ ਵੈਨਜ਼ੁਏਲਾ ਦੇ ਅੰਤਰਿਮ ਰਾਸ਼ਟਰਪਤੀ ਦੇ ਰੂਪ 'ਚ ਮਾਨਤਾ ਦੇਣ ਦੀ ਘੋਸ਼ਣਾ ਕੀਤੀ ਹੈ। ਵਿਰੋਧੀ ਨੇਤਾ ਗੁਇਡੋ ਨੇ 30 ਅਪ੍ਰੈਲ ਨੂੰ ਕਾਰਾਕਸ ਦੇ ਲਾ ਕਾਰਲੋਟਾ ਫੌਜੀ ਅੱਡੇ ਤੋਂ ਇਕ ਵਿਰੋਧ ਪ੍ਰਦਰਸ਼ਨ ਦੀ ਅਗਵਾਈ ਕੀਤੀ ਸੀ ਅਤੇ ਲੋਕਾਂ ਨੂੰ ਸੜਕਾਂ 'ਤੇ ਉਤਰਨ ਦੀ ਅਪੀਲ ਵੀ ਕੀਤੀ ਸੀ। ਮਾਦੁਰੋ ਨੇ ਚੋਣਾਂ 'ਚ ਜਿੱਤ ਹਾਸਲ ਕਰਨ ਮਗਰੋਂ ਜਨਵਰੀ 'ਚ ਰਾਸ਼ਟਰਪਤੀ ਵਜੋਂ ਸਹੁੰ ਚੁੱਕੀ ਸੀ ਤੇ ਉਨ੍ਹਾਂ 'ਤੇ ਚੋਣਾਂ 'ਚ ਗੜਬੜੀ ਕਰਨ ਦਾ ਦੋਸ਼ ਲੱਗਾ ਸੀ।