ਸ਼੍ਰੀਲੰਕਾ ''ਚ ਮੀਂਹ ਤੇ ਤੇਜ਼ ਹਵਾਵਾਂ ਕਾਰਨ 16 ਲੋਕਾਂ ਦੀ ਮੌਤ

05/26/2018 8:40:38 PM

ਕੋਲੰਬੋ— ਸ਼੍ਰੀਲੰਕਾ 'ਚ ਬੀਤੇ ਇਕ ਹਫਤੇ ਤੋਂ ਪੈ ਰਹੇ ਮੀਂਹ ਤੇ ਤੇਜ਼ ਹਵਾਵਾਂ ਕਾਰਨ 16 ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ ਇਸ ਨਾਲ 1 ਲੱਖ ਤੋਂ ਜ਼ਿਆਦਾ ਲੋਕ ਪ੍ਰਭਾਵਿਤ ਹੋਏ ਹਨ। ਸਰਕਾਰ ਵਲੋਂ ਬਚਾਅ ਤੇ ਰਾਹਤ ਕੰਮ ਲਈ ਆਰਮੀ ਨੂੰ ਤਾਇਨਾਤ ਕੀਤਾ ਗਿਆ ਹੈ। 20 ਮਈ ਤੋਂ ਲਗਾਤਾਰ ਚੱਲ ਰਹੇ ਇਸ ਖਰਾਬ ਮੌਸਮ ਕਾਰਨ 25 'ਚੋਂ 20 ਜ਼ਿਲਿਆਂ ਦੇ ਲੋਕ ਪ੍ਰਭਾਵਿਤ ਹੋਏ ਹਨ। ਇਨ੍ਹਾਂ 'ਚੋਂ ਪੰਜ ਜ਼ਿਲਿਆਂ 'ਚ ਲੈਂਡਸਲਾਈਡ ਸਬੰਧੀ ਵੀ ਚਿਤਾਵਨੀ ਜਾਰੀ ਕੀਤੀ ਗਈ ਹੈ।


ਸ਼੍ਰੀਲੰਕਾ ਗੈਜੇਟ ਨੇ ਰਿਪੋਰਟ ਜਾਰੀ ਕੀਤੀ ਕਿ ਸ਼ਨੀਵਾਰ ਸਵੇਰ ਤੱਕ ਮਰਨ ਵਾਲਿਆਂ ਦੀ ਗਿਣਤੀ 16 ਹੋ ਗਈ ਹੈ। ਸ਼੍ਰੀਲੰਕਾ ਆਫਤ ਪ੍ਰਬੰਧਨ ਨੇ ਕਿਹਾ ਕਿ ਇਸ ਖਰਾਬ ਮੌਸਮ ਕਾਰਨ 20 ਜ਼ਿਲਿਆਂ ਦੇ 1,30,000 ਲੋਕ ਪ੍ਰਭਾਵਿਤ ਹੋਏ ਹਨ। ਹੜ੍ਹ ਤੇ ਲੈਂਡਸਲਾਈਡ ਦੇ ਖਦਸ਼ੇ ਦੇ ਕਾਰਨ ਕਈ ਜ਼ਿਲਿਆਂ 'ਚ ਲੋਕਾਂ ਨੂੰ ਇਲਾਕਾ ਖਾਲੀ ਕਰਨ ਲਈ ਕਿਹਾ ਗਿਆ ਹੈ। ਆਫਤ ਪ੍ਰਬੰਧਨ ਨੇ ਕਿਹਾ ਕਿ ਪੰਜ ਜ਼ਿਲਿਆਂ ਕੇਗਾਲੇ, ਕਾਲੂਤਾਰਾ, ਗਾਲੇ, ਰਤਨਾਪੁਰੀ ਤੇ ਨੁਵਾਰਾ ਈਲੀਆ ਨੂੰ ਹਾਈ ਅਲਰਟ 'ਤੇ ਰੱਖਿਆ ਗਿਆ ਹੈ। 10 ਜ਼ਿਲਿਆਂ ਦੇ 1300 ਪਰਿਵਾਰਾਂ ਨੂੰ ਹੜ੍ਹ ਤੇ ਲੈਂਡਸਲਾਈਡ ਦੇ ਖਤਰੇ ਕਾਰਨ ਵੈਲਫੇਅਰ ਕੈਂਪਾਂ 'ਚ ਰੱਖਿਆ ਗਿਆ ਹੈ। ਪੁਤਾਲਮ ਜ਼ਿਲੇ 'ਚੋਂ 36 ਪਰਿਵਾਰਾਂ ਦੇ 123 ਮੈਂਬਰਾਂ ਨੂੰ ਬਚਾਇਆ ਗਿਆ ਹੈ।


ਮੌਸਮ ਵਿਭਾਗ ਨੇ ਚਿਤਾਵਨੀ ਜਾਰੀ ਕੀਤੀ ਹੈ ਕਿ ਅਗਲੇ 72 ਘੰਟਿਆਂ ਤੱਕ ਦੇਸ਼ 'ਚ ਮੌਸਮ ਖਰਾਬ ਰਹਿ ਸਕਦਾ ਹੈ। ਦੇਸ਼ ਦੇ ਕਈ ਇਲਾਕਿਆਂ 'ਚ 100 ਤੋਂ 150 ਮਿਲੀਲੀਟਰ ਤੱਕ ਦੀ ਵਰਖਾ ਦਾ ਅਨੁਮਾਨ ਲਾਇਆ ਗਿਆ ਹੈ। ਬੀਤੇ ਸਾਲ ਦੇਸ਼ 'ਚ ਹੜ੍ਹ ਤੇ ਜ਼ਮੀਨ ਖਿਸਕਣ ਕਾਰਨ 100 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਗਈ ਸੀ ਤੇ 110 ਤੋਂ ਜ਼ਿਆਲਾ ਲਾਪਤਾ ਹੋ ਗਏ ਸਨ।