ਬ੍ਰਿਟਿਸ਼ ਕੋਲੰਬੀਆ ਦੇ ਇਨ੍ਹਾਂ ਸਕੂਲਾਂ ਦਾ ਹਾਲ ਦੇਖ ਮਾਪੇ ਹੋਏ ਚਿੰਤਤ, ਕੀਤੀ ਇਹ ਮੰਗ

09/21/2017 11:53:46 AM

ਸਰੀ— ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ 'ਚ ਬਹੁਤ ਸਾਰੇ ਪਬਲਿਕ ਸਕੂਲਾਂ ਦੀਆਂ ਇਮਾਰਤਾਂ ਦੀ ਹਾਲਤ ਮਾੜੀ ਹੈ।  ਲਗਭਗ 346 ਪਬਲਿਕ ਸਕੂਲ ਅਜਿਹੇ ਖਤਰੇ 'ਚ ਹਨ ਕਿ ਜੇਕਰ ਇੱਥੇ ਭੂਚਾਲ ਆਇਆ ਤਾਂ ਸਕੂਲਾਂ ਦੀਆਂ ਇਮਾਰਤਾਂ ਡਿੱਗ ਸਕਦੀਆਂ ਹਨ। ਕਈ ਮਾਪਿਆਂ ਨੇ ਆਪਣਾ ਦੁੱਖ ਫਰੋਲਦਿਆਂ ਦੱਸਿਆ ਕਿ ਅਜੇ ਤਕ ਸਕੂਲ ਪ੍ਰਸ਼ਾਸਨ ਨੇ ਇਸ ਵੱਲ ਪੂਰਾ ਧਿਆਨ ਨਹੀਂ ਦਿੱਤਾ। ਸਿੱਖਿਆ ਮੰਤਰਾਲੇ ਵਲੋਂ ਇਕ ਨਕਸ਼ੇ 'ਚ ਦੱਸਿਆ ਗਿਆ ਸੀ ਕਿ ਕਿਹੜੇ-ਕਿਹੜੇ ਸਕੂਲ ਖਤਰੇ ਦੇ ਨਿਸ਼ਾਨੇ 'ਤੇ ਹਨ ਪਰ ਫਿਰ ਵੀ ਸਾਰੇ ਸਕੂਲਾਂ 'ਚ ਮੁਰੰਮਤ ਦਾ ਕੰਮ ਨਹੀਂ ਹੋ ਸਕਿਆ।

ਅਗਸਤ ਮਹੀਨੇ ਦੀ ਰਿਪੋਰਟ ਮੁਤਾਬਕ 155 ਸਕੂਲ ਅਜਿਹੇ ਹਨ ਜੋ ਭੂਚਾਲ ਕਾਰਨ ਨੁਕਸਾਨੇ ਜਾ ਸਕਦੇ ਹਨ ਪਰ ਅਜੇ ਤਕ ਉਨ੍ਹਾਂ ਦੀ ਮੁਰੰਮਤ ਆਦਿ ਦਾ ਕੰਮ ਸ਼ੁਰੂ ਨਹੀਂ ਹੋ ਸਕਿਆ। 14 ਸਕੂਲਾਂ 'ਚ ਮੁਰੰਮਤ ਦਾ ਕੰਮ ਚੱਲ ਰਿਹਾ ਹੈ ਅਤੇ 12 ਸਕੂਲਾਂ ਨੇ ਮੁਰੰਮਤ ਲਈ ਤਰੀਕ ਨਿਸ਼ਚਿਤ ਕਰ ਲਈ ਹੈ। ਹੁਣ ਤਕ 1.5 ਬਿਲੀਅਨ ਡਾਲਰ ਦੀ ਲਾਗਤ ਨਾਲ 165 ਸਕੂਲਾਂ ਨੇ ਮੁਰੰਮਤ ਕਰਵਾ ਲਈ ਹੈ।

 
ਦੋ ਬੱਚਿਆਂ ਦੇ ਇਕ ਪਿਤਾ ਨੇ ਕਿਹਾ ਕਿ ਉਹ ਬਹੁਤ ਪਰੇਸ਼ਾਨ ਹਨ। ਉਨ੍ਹਾਂ ਦੇ 9 ਸਾਲਾਂ ਦੇ ਬੱਚੇ ਨਿਊ ਵੈੱਸਟਮਿਨਸਟਰ ਦੇ ਸਕੂਲ 'ਚ ਪੜ੍ਹਦੇ ਹਨ। ਸਕੂਲ ਨੇ ਅਜੇ ਤਕ ਇਸ ਦੀ ਮੁਰੰਮਤ ਲਈ ਕੋਈ ਕਦਮ ਨਹੀਂ ਚੁੱਕਿਆ। ਮੈਕਸੀਕੋ 'ਚ ਆਏ ਭੂਚਾਲ ਕਾਰਨ ਲਗਭਗ 21 ਬੱਚੇ ਮਰ ਗਏ ਤੇ ਕਈਆਂ ਦੀ ਤਲਾਸ਼ ਅਜੇ ਜਾਰੀ ਹੈ। ਕੈਨੇਡੀਅਨ ਆਫਿਸ ਅਤੇ ਪ੍ਰੋਫੈਸ਼ਨਲ ਇਮਲੋਏ ਯੂਨੀਅਨ ਦੇ ਪ੍ਰਧਾਨ ਨੇ ਕਿਹਾ ਕਿ ਮੈਕਸੀਕੋ 'ਚ ਕੀ ਹੋਇਆ ਸਭ ਜਾਣਦੇ ਹਨ ਅਤੇ ਇਹ ਵੀ ਸਭ ਨੂੰ ਪਤਾ ਹੈ ਕਿ ਲੋਅਰ ਮੇਨਲੈਂਡ ਹੋਣ ਕਾਰਨ ਇਕ ਨਾ ਇਕ ਦਿਨ ਉਨ੍ਹਾਂ 'ਤੇ ਵੀ ਇਹ ਮੁਸੀਬਤ ਆ ਸਕਦੀ ਹੈ। ਇਸ ਲਈ ਉਨ੍ਹਾਂ ਦੀ ਮੰਗ ਹੈ ਕਿ ਇਸ 'ਤੇ ਧਿਆਨ ਦਿੱਤੀ ਜਾਵੇ।