ਮੁੰਬਈ ਹਮਲੇ ਦੇ 15 ਸਾਲ : ਮੋਸ਼ੇ ਦੇ ਨਾਨਾ-ਨਾਨੀ ਨੇ ਭਾਰਤ ਦਾ ਕੀਤਾ ਧੰਨਵਾਦ

11/26/2023 12:09:14 PM

ਅਫੁਲਾ (ਭਾਸ਼ਾ): ਮੁੰਬਈ ਵਿਚ 2008 ਦੇ ਅੱਤਵਾਦੀ ਹਮਲੇ ਵਿਚ ਵਾਲ-ਵਾਲ ਬਚੇ ਮੋਸ਼ੇ ਹੋਲਟਜ਼ਬਰਗ ਦੇ ਨਾਨਾ-ਨਾਨੀ ਨੇ ਉਹਨਾਂ ਦਾ ਦੁੱਖ ਮਹਿਸੂਸ ਕਰਨ ਅਤੇ ਉਨ੍ਹਾਂ ਨੂੰ ਆਪਣਾ ਸਮਝਣ ਲਈ ਭਾਰਤ ਦੇ ਲੋਕਾਂ ਦਾ ਧੰਨਵਾਦ ਪ੍ਰਗਟ ਕੀਤਾ ਹੈ। ਪਾਕਿਸਤਾਨ ਦੇ ਅੱਤਵਾਦੀ ਸੰਗਠਨ ਲਸ਼ਕਰ-ਏ-ਤੋਇਬਾ ਦੇ ਅੱਤਵਾਦੀਆਂ ਨੇ 26 ਨਵੰਬਰ, 2008 ਨੂੰ ਮੁੰਬਈ 'ਚ ਕਈ ਥਾਵਾਂ 'ਤੇ ਹਮਲੇ ਕੀਤੇ, ਜਿਨ੍ਹਾਂ 'ਚੋਂ ਇਕ 'ਨਰੀਮਨ ਹਾਊਸ' ਸੀ, ਜਿਸ ਨੂੰ ਚਾਬਡ ਹਾਊਸ ਵੀ ਕਿਹਾ ਜਾਂਦਾ ਹੈ। ਮੋਸ਼ੇ ਉਸ ਸਮੇਂ ਸਿਰਫ਼ 2 ਸਾਲ ਦਾ ਸੀ ਅਤੇ ਹਮਲੇ ਦੇ ਸਮੇਂ ਉਹ ਆਪਣੇ ਮਾਤਾ-ਪਿਤਾ ਗੈਬਰੀਅਲ ਹੋਲਟਜ਼ਬਰਗ ਅਤੇ ਰਿਵਕਾ ਹੋਲਟਜ਼ਬਰਗ ਨਾਲ ਨਰੀਮਨ ਹਾਊਸ ਵਿੱਚ ਸੀ। 

ਉਸ ਵਹਿਸ਼ੀ ਹਮਲੇ ਵਿੱਚ ਮੋਸ਼ੇ ਦੇ ਮਾਤਾ-ਪਿਤਾ ਮਾਰੇ ਗਏ ਸਨ। ਮੋਸ਼ੇ ਦੇ ਨਾਨਾ ਰੱਬੀ ਸ਼ਿਮੋਨ ਰੋਜ਼ਨਬਰਗ ਨੇ ਪੀਟੀਆਈ ਨੂੰ ਦੱਸਿਆ,"ਭਾਰਤ ਦੇ ਲੋਕਾਂ ਨੂੰ ਯਾਦ ਹੈ ਕਿ 15 ਸਾਲ ਪਹਿਲਾਂ ਇਸ ਦਿਨ ਕੀ ਵਾਪਰਿਆ ਸੀ। ਸਾਡੇ ਪਰਿਵਾਰ ਅਤੇ ਹੋਰ ਇਜ਼ਰਾਈਲੀ ਪਰਿਵਾਰਾਂ 'ਤੇ ਜੋ ਕਹਿਰ ਟੁੱਟਿਆ ਸੀ, ਤੁਹਾਨੂੰ ਯਾਦ ਹੈ।'' ਉਨ੍ਹਾਂ ਕਿਹਾ, ''ਮੈਂ ਤੇ ਮੇਰੀ ਪਤਨੀ ਯਹੂਦਿਤ ਅਤੇ ਮੋਸ਼ੇ ਪੂਰੇ ਦਿਲ ਨਾਲ ਇਹ ਵਿਸ਼ਵਾਸ ਕਰਦੇ ਹਨ ਅਤੇ ਇਸ ਲਈ ਭਾਰਤ ਵਿਚ ਤੁਹਾਡੇ ਸਾਰਿਆਂ ਦਾ ਧੰਨਵਾਦ ਕਰਨਾ ਚਾਹੁੰਦੇ ਹਾਂ ਕਿ ਤੁਸੀਂ ਸਾਡੇ ਦੁੱਖ ਨੂੰ ਮਹਿਸੂਸ ਕੀਤਾ ਅਤੇ ਸਾਨੂੰ ਆਪਣਾ ਸਮਝਿਆ।'' ਇਜ਼ਰਾਈਲ ਅਤੇ ਹਮਾਸ ਵਿਚਾਲੇ ਜੰਗ ਦੀ ਪਿੱਠਭੂਮੀ 'ਚ ਉਸ ਨੇ ਕਿਹਾ, ''ਇਸ ਸਾਲ ਨੇ ਖ਼ਾਸ ਤੌਰ 'ਤੇ ਦਿਖਾਇਆ ਹੈ ਕਿ ਕਿਵੇਂ ਅੱਤਵਾਦੀ ਯਹੂਦੀਆਂ ਨੂੰ ਮਾਰਨਾ ਚਾਹੁੰਦੇ ਹਨ, ਪਰ ਅਸੀਂ ਪੂਰੀ ਦੁਨੀਆ ਵਿਚ ਸ਼ਾਂਤੀ ਚਾਹੁੰਦੇ ਹਾਂ।'' 

ਪੜ੍ਹੋ ਇਹ ਅਹਿਮ ਖ਼ਬਰ-ਆਸਟ੍ਰੇਲੀਆ 'ਚ ਭਾਰਤੀ ਵਿਦਿਆਰਥੀ 'ਤੇ ਜਾਨਲੇਵਾ ਹਮਲਾ, ਕੋਮਾ 'ਚ ਲੜ ਰਿਹਾ ਜ਼ਿੰਦਗੀ ਦੀ ਜੰਗ

ਨੈਨੀ ਨੇ ਬਚਾਈ ਸੀ ਮੋੋਸ਼ੇ ਦੀ ਜਾਨ

ਛੋਟੀ ਮੋਸ਼ੇ ਨੂੰ ਹਮਲੇ ਤੋਂ ਬਚਾ ਕੇ ਉਸ ਨੂੰ ਛਾਤੀ ਨਾਲ ਚਿਪਕਾਏ ਉਸ ਦੀ ਨੈਨੀ ਸੈਂਡਰਾ ਦੀ ਇਕ ਤਸਵੀਰ ਸਾਹਮਣੇ ਆਈ ਸੀ, ਿਜਸ ਨੇ ਪੂਰੀ ਦੁਨੀਆ ਦਾ ਧਿਆਨ ਆਪਣੇ ਵੱਲ ਖਿੱਚਿਆ। ਰੋਜ਼ੇਨਬਰਗ ਨੇ ਕਿਹਾ,“ਮੋਸ਼ੇ ਠੀਕ ਹੈ ਅਤੇ ਯੇਸ਼ਿਵਾ ਵਿਖੇ ਪੜ੍ਹ ਰਿਹਾ ਹੈ। ਸੈਂਡਰਾ ਇਜ਼ਰਾਈਲ ਵਿੱਚ ਹੈ ਅਤੇ ਹਫ਼ਤੇ ਦੇ ਅੰਤ ਵਿੱਚ ਯਰੂਸ਼ਲਮ ਤੋਂ ਸਾਨੂੰ ਮਿਲਣ ਆਉਂਦੀ ਹੈ। ਉਹ ਸਾਡੇ ਪਰਿਵਾਰ ਦੀ ਇੱਕ ਮੈਂਬਰ ਵਾਂਗ ਹੈ ਅਤੇ ਇਹ ਘਰ ਵੀ ਉਸਦਾ ਹੈ।'' ਸੈਂਡਰਾ ਨੂੰ ਇਜ਼ਰਾਈਲ ਸਰਕਾਰ ਦੁਆਰਾ ਆਨਰੇਰੀ ਨਾਗਰਿਕਤਾ ਦਿੱਤੀ ਗਈ ਸੀ ਅਤੇ 'ਰਾਈਟੀਅਸ ਜੇਨਟਾਈਲ' ਦੇ ਖਿਤਾਬ ਨਾਲ ਸਨਮਾਨਿਤ ਕੀਤਾ ਗਿਆ ਸੀ। ਇਹ ਇੱਕ ਖ਼ਾਸ ਸਨਮਾਨ ਹੈ ਅਤੇ ਉਨ੍ਹਾਂ ਨੂੰ ਦਿੱਤਾ ਜਾਂਦਾ ਹੈ ਜਿਨ੍ਹਾਂ ਨੇ ਸਰਬਨਾਸ਼ ਦੌਰਾਨ ਯਹੂਦੀਆਂ ਨੂੰ ਬਚਾਉਣ ਲਈ ਆਪਣੀ ਜਾਨ ਜੋਖਮ ਵਿੱਚ ਪਾਈ ਸੀ। ਪਰਿਵਾਰ ਨੇ ਇਬਰਾਨੀ ਕੈਲੰਡਰ ਦੇ ਅਨੁਸਾਰ 13 ਨਵੰਬਰ ਨੂੰ ਆਪਣੇ ਨਜ਼ਦੀਕੀ ਰਿਸ਼ਤੇਦਾਰਾਂ ਦੀ ਯਾਦ ਵਿੱਚ ਇਸ ਸਾਲ ਅਫੁਲਾ ਵਿੱਚ ਸਾਲਾਨਾ ਪ੍ਰਾਰਥਨਾ ਕੀਤੀ। 

ਮੋਸ਼ੇ ਨੇ ਪੀ.ਐੱਮ. ਮੋਦੀ ਨੂੰ ਕੀਤਾ ਯਾਦ

ਪਿਛਲੇ ਸਾਲ ਮੋਸ਼ੇ ਨੇ ਇੱਕ ਵੀਡੀਓ ਸੰਦੇਸ਼ ਜਾਰੀ ਕੀਤਾ, ਜਿਸ ਵਿੱਚ ਅੰਤਰਰਾਸ਼ਟਰੀ ਭਾਈਚਾਰੇ ਨੂੰ ਅੱਤਵਾਦ ਦਾ ਮੁਕਾਬਲਾ ਕਰਨ ਦੇ ਤਰੀਕੇ ਲੱਭਣ ਲਈ ਦਿਲੋਂ ਅਪੀਲ ਕੀਤੀ ਗਈ ਤਾਂ ਜੋ "ਕਿਸੇ ਨੂੰ ਵੀ ਉਸ ਦੁੱਖ ਵਿੱਚੋਂ ਗੁਜ਼ਰਨਾ ਨਾ ਪਵੇ ਜਿਸ ਵਿੱਚੋਂ ਉਹ ਲੰਘਿਆ ਹੈ।" ਨਾਲ ਹੀ ਆਪਣੀ ਬਚਣ ਦੀ ਕਹਾਣੀ ਵੀ ਸਾਂਝੀ ਕੀਤੀ। ਉਸ ਨੂੰ ਸਿਰਫ਼ ਸੈਂਡਰਾ ਦੀ ਹਿੰਮਤ ਕਰਕੇ ਹੀ ਬਚ ਸਕਿਆ ਸੀ “ਜਿਸ ਨੇ ਉਸ ਨੂੰ ਬਚਾਉਣ ਲਈ ਆਪਣੀ ਜਾਨ ਜੋਖਮ ਵਿੱਚ ਪਾਈ।” ਮੋਸ਼ੇ ਨੇ ਆਪਣੀ ਪਰਵਰਿਸ਼ ਦੀ ਕਹਾਣੀ ਵੀ ਦੁਨੀਆਂ ਨਾਲ ਸਾਂਝੀ ਕੀਤੀ। ਉਹ ਆਪਣੇ ਨਾਨਾ-ਨਾਨੀ ਨਾਲ ਰਹਿੰਦਾ ਹੈ ਅਤੇ ਉਹ ਉਸ ਨੂੰ ਆਪਣੇ ਪੁੱਤਰ ਵਾਂਗ ਪਾਲ ਰਹੇ ਹਨ। ਉਸਨੇ ਵੀਡੀਓ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ 2017 ਵਿੱਚ ਇਜ਼ਰਾਈਲ ਵਿੱਚ ਹੋਈ ਆਪਣੀ ਮੁਲਾਕਾਤ ਨੂੰ ਵੀ ਯਾਦ ਕੀਤਾ। ਉਸ ਨੇ ਕਿਹਾ, ''ਉਨ੍ਹਾਂ ਨੇ ਮੈਨੂੰ ਪਿਆਰ ਨਾਲ ਜੱਫੀ ਪਾਈ ਅਤੇ ਮੈਨੂੰ ਮੇਰੇ ਨਾਨਾ-ਨਾਨੀ ਨਾਲ ਭਾਰਤ ਬੁਲਾਇਆ।'' ਇੱਥੇ ਦੱਸ ਦਈਏ ਕਿ 26 ਨਵੰਬਰ, 2008 ਨੂੰ 10 ਪਾਕਿਸਤਾਨੀ ਅੱਤਵਾਦੀ ਸਮੁੰਦਰੀ ਰਸਤੇ ਦੱਖਣੀ ਮੁੰਬਈ 'ਚ ਦਾਖਲ ਹੋਏ ਸਨ ਅਤੇ ਚਾਬਡ ਹਾਊਸ ਸਮੇਤ ਕਈ ਇਮਾਰਤਾਂ 'ਤੇ ਹਮਲੇ ਕੀਤੇ ਸਨ। ਇਨ੍ਹਾਂ ਹਮਲਿਆਂ ਵਿੱਚ ਛੇ ਯਹੂਦੀਆਂ ਅਤੇ 18 ਸੁਰੱਖਿਆ ਕਰਮਚਾਰੀਆਂ ਸਮੇਤ 166 ਲੋਕ ਮਾਰੇ ਗਏ ਸਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ। 
 

Vandana

This news is Content Editor Vandana