ਆਸਟ੍ਰੇਲੀਆ : 18 ਸਾਲਾ ਕੁੜੀ ਨੂੰ ਮਿਲ ਸਕਦੀ ਹੈ 15 ਸਾਲ ਦੀ ਸਜ਼ਾ

04/17/2019 3:03:19 PM

ਸਿਡਨੀ, (ਏਜੰਸੀ)— ਆਸਟ੍ਰੇਲੀਆ 'ਚ ਇਕ 18 ਸਾਲਾ ਕੁੜੀ ਨੇ ਇਕ ਸੰਗੀਤ ਸਮਾਰੋਹ 'ਚ ਨਸ਼ੇ ਦੀ ਤਸਕਰੀ ਕੀਤੀ ਸੀ, ਜਿਸ ਦੇ ਦੋਸ਼ 'ਚ ਉਸ ਨੂੰ 15 ਸਾਲਾਂ ਦੀ ਸਜ਼ਾ ਹੋ ਸਕਦੀ ਹੈ। ਉਸ ਕੋਲੋਂ ਨਸ਼ਾ ਖਰੀਦਣ ਵਾਲੇ ਵਿਅਕਤੀ ਦੀ ਮੌਤ ਹੋ ਗਈ ਸੀ ਅਤੇ ਹੋਰ ਬਹੁਤ ਸਾਰੇ ਲੋਕ ਬੀਮਾਰ ਹੋ ਗਏ ਸਨ। ਟੀਨਾ ਥਾਨਹ ਟਰੁਕ ਫਾਨ ਨਾਂ ਦੀ ਇਸ ਕੁੜੀ ਨੂੰ ਸਿਡਨੀ ਦੀ ਅਦਾਲਤ 'ਚ ਪੇਸ਼ ਕੀਤਾ ਗਿਆ, ਜਿੱਥੇ ਵਕੀਲਾਂ ਨੇ ਮੰਗ ਕੀਤੀ ਕਿ ਉਸ ਨੂੰ ਇਸ ਗਲਤੀ ਦੀ ਸਖਤ ਸਜ਼ਾ ਮਿਲਣੀ ਚਾਹਦੀ ਹੈ। ਉਸ ਨੇ ਲਗਭਗ 400 ਨਸ਼ੀਲੀਆਂ ਗੋਲੀਆਂ ਵੇਚੀਆਂ ਸੀ ਜੋ ਬਹੁਤ ਤੇਜ਼ੀ ਨਾਲ ਨਸ਼ਾ ਚੜ੍ਹਾ ਦਿੰਦੀਆਂ ਹਨ।

ਜ਼ਿਕਰਯੋਗ ਹੈ ਕਿ ਜਨਵਰੀ ਮਹੀਨੇ ਉਹ ਕਮਿਊਨਟੀ ਕੁਰੈਕਸ਼ਨ ਆਰਡਰ ਤਹਿਤ 80 ਘੰਟੇ ਕੰਮ ਕਰਨ ਦੀ ਸਜ਼ਾ ਭੁਗਤ ਚੁੱਕੀ ਹੈ। ਪਿਛਲੇ ਸਾਲ ਦਸੰਬਰ ਮਹੀਨੇ ਸਿਡਨੀ ਓਲੰਪਿਕ 'ਚ ਰੱਖੇ ਗਏ ਇਕ ਸਮਾਗਮ 'ਚ ਕੁੜੀ ਨੇ ਇਹ ਨਸ਼ੀਲੇ ਪਦਾਰਥ ਵੇਚੇ ਸਨ। ਵਕੀਲਾਂ ਦਾ ਕਹਿਣਾ ਹੈ ਕਿ ਉਸ ਨੂੰ ਇਸ ਗੁਨਾਹ ਕਾਰਨ 15 ਸਾਲਾਂ ਦੀ ਸਜ਼ਾ ਹੋ ਸਕਦੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਨਸ਼ਾ ਤਸਕਰੀ ਸਬੰਧੀ ਉਸ ਸਮੇਂ ਪਤਾ ਲੱਗਾ ਜਦ ਡਿਟੈਕਟਿਵ ਡੌਗ ਨੇ ਸੁੰਘ ਕੇ ਪਤਾ ਲਗਾਇਆ ਕਿ ਉਸ ਕੋਲ ਵੱਡੀ ਮਾਤਰਾ 'ਚ ਨਸ਼ੀਲੇ ਪਦਾਰਥ ਹਨ। ਪੁਲਸ ਨੇ ਦੱਸਿਆ ਕਿ 19 ਸਾਲਾ ਕਾਲੁਮ ਪ੍ਰੋਗਰਾਮ ਖਤਮ ਹੋਣ ਤੋਂ ਬਾਅਦ ਤੜਕੇ ਰੇਲਵੇ ਸਟੇਸ਼ਨ ਕੋਲ ਡਿੱਗਿਆ ਮਿਲਿਆ ਸੀ। ਉਸ ਨੂੰ ਤੜਕੇ 4.30 ਵਜੇ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ ਪਰ ਨਸ਼ੇ ਦੀ ਓਵਰਡੋਜ਼ ਨੇ ਉਸ ਦੀ ਜਾਨ ਲੈ ਲਈ। ਬਾਅਦ 'ਚ ਪਤਾ ਲੱਗਾ ਕਿ 15 ਹੋਰ ਲੋਕਾਂ ਨੂੰ ਵੀ ਬਾਅਦ 'ਚ ਹਸਪਤਾਲਾਂ 'ਚ ਭਰਤੀ ਕਰਵਾਇਆ ਗਿਆ ਅਤੇ ਲਗਭਗ 130 ਲੋਕਾਂ ਨੂੰ ਇਵੈਂਟ ਦੌਰਾਨ ਹੀ ਮੈਡੀਕਲ ਸਹਾਇਤਾ ਦਿੱਤੀ ਗਈ ਸੀ।