ਮਿਆਂਮਾਰ ''ਚ ਜ਼ਮੀਨ ਖਿਸਕਣ ਕਾਰਨ 15 ਲੋਕਾਂ ਦੀ ਮੌਤ, 45 ਜ਼ਖਮੀ

07/14/2018 8:53:01 PM

ਯਾਂਗੂਨ— ਮਿਆਂਮਾਰ ਦੇ ਹਪਾਕਾਂਤ ਮਾਈਨਿੰਗ ਖੇਤਰ 'ਚ ਸ਼ਨੀਵਾਰ ਨੂੰ ਜ਼ਮੀਨ ਖਿਸਕ ਗਈ, ਜਿਸ ਕਾਰਨ ਕਰੀਬ 15 ਲੋਕਾਂ ਦੀ ਮੌਤ ਹੋ ਗਈ ਤੇ 45 ਹੋਰ ਜ਼ਖਮੀ ਹੋ ਗਏ। ਹਪਾਕਾਂਤ ਪ੍ਰਸ਼ਾਸਕ ਦੇ ਐੱਸ. ਆਨਗ ਨੇ ਦੱਸਿਆ ਕਿ ਮਾਈਨਿੰਗ ਕਰਨ ਵਾਲੇ ਕਰਮਚਾਰੀ ਖਾਨ 'ਚ ਇਕ ਕੀਮਤੀ ਖਣਿਜ ਦੀ ਭਾਲ ਕਰ ਰਹੇ ਸਨ, ਉਦੋਂ ਹੀ ਇਕ ਢਲਾਣ ਤੋਂ ਮਿੱਟੀ ਢਹਿ ਗਈ ਤੇ ਕੰਮ ਕਰ ਰਹੇ ਕਰਮਚਾਰੀ ਉਸ ਦੇ ਹੇਠਾਂ ਦੱਬ ਗਏ। ਮਲਬੇ 'ਚੋਂ ਕਰੀਬ 15 ਲਾਸ਼ਾਂ ਕੱਢੀਆਂ ਗਈਆਂ ਹਨ ਤੇ 45 ਜ਼ਖਮੀਆਂ ਨੂੰ ਨੇੜਲੇ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਰਾਹਤ ਤੇ ਬਚਾਅ ਕਾਰਜ ਅੱਜ ਦੇ ਲਈ ਰੋਕ ਦਿੱਤੀ ਗਈ ਹੈ। ਇਸ ਨੂੰ ਐਤਵਾਰ ਸਵੇਰੇ ਮੁੜ ਸ਼ੁਰੂ ਕੀਤਾ ਜਾਵੇਗਾ। ਮਲਬੇ 'ਚੋਂ ਹੋਰ ਲਾਸ਼ਾਂ ਬਰਾਮਦ ਹੋਣ ਦਾ ਖਦਸ਼ਾ ਹੈ। ਉਨ੍ਹਾਂ ਦੱਸਿਆ ਕਿ ਲੋਕਾਂ ਤੋਂ ਅਪੀਲ ਕੀਤੀ ਹੈ ਕਿ ਜੇਕਰ ਉਨ੍ਹਾਂ ਨੂੰ ਕਿਸੇ ਦੇ ਲਾਪਤਾ ਹੋਣ ਦੀ ਜਾਣਕਾਰੀ ਮਿਲਦੀ ਹੈ ਤਾਂ ਉਹ ਅਧਿਕਾਰੀਆਂ ਨੂੰ ਇਸ ਦੀ ਸੂਚਣਾ ਦੇਣ। ਉਨ੍ਹਾਂ ਦੱਸਿਆ ਕਿ ਪੀੜਤ ਕਰਮਚਾਰੀ ਕਿਸੇ ਕੰਪਨੀ ਨਾਲ ਜੁੜੇ ਹੋਏ ਨਹੀਂ ਸਨ। ਇਸ ਇਲਾਕੇ 'ਚ ਗੈਰ ਰਸਮੀ ਤਰੀਕੇ ਨਾਲ ਮਾਈਨਿੰਗ ਕਰਨ ਵਾਲੇ ਲੋਕ ਆਉਂਦੇ ਰਹਿੰਦੇ ਹਨ ਤੇ ਅਕਸਰ ਅਜਿਹੇ ਹਾਦਸੇ ਦਾ ਸ਼ਿਕਾਰ ਹੋ ਜਾਂਦੇ ਹਨ।