ਅਰਜਨਟੀਨਾ ''ਚ ਬੱਸ ਦੁਰਘਟਨਾ ਕਾਰਨ 13 ਲੋਕਾਂ ਦੀ ਮੌਤ

07/02/2019 8:03:40 AM

ਅਰਜਨਟੀਨਾ— ਸੋਮਵਾਰ ਨੂੰ ਅਰਜਨਟੀਨਾ ਦੇ ਸੂਬੇ ਟੁਕੁਮਨ 'ਚ ਇਕ ਬੱਸ ਦੁਰਘਟਨਾ ਦੀ ਸ਼ਿਕਾਰ ਹੋ ਗਈ ਅਤੇ ਇਸ ਕਾਰਨ ਘੱਟ ਤੋਂ ਘੱਟ 13 ਲੋਕਾਂ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਹੋਰ 30 ਲੋਕ ਜ਼ਖਮੀ ਹਨ। ਸਥਾਨਕ ਅਧਿਕਾਰੀਆਂ ਨੇ ਇਸ ਦੀ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਜ਼ਖਮੀਆਂ ਦਾ ਇਸ ਸਮੇਂ ਇਲਾਜ ਚੱਲ ਰਿਹਾ ਹੈ ਤੇ ਇਨ੍ਹਾਂ 'ਚੋਂ ਕਈ ਗੰਭੀਰ ਜ਼ਖਮੀ ਹਨ। 

ਸਥਾਨਕ ਮੀਡੀਆ ਮੁਤਾਬਕ ਬੱਸ ਮੇਂਡੋਜਾ ਸ਼ਹਿਰ ਤੋਂ ਟਰਮਸ ਡਿ ਰੀਓ ਹੋਂਡੋ ਰਿਜ਼ਾਰਟ ਵੱਲ ਜਾ ਰਹੀ ਸੀ ਕਿ ਅਚਾਨਕ ਡਰਾਈਵਰ ਦਾ ਬੱਸ 'ਤੇ ਕੰਟਰੋਲ ਨਾ ਰਿਹਾ ਅਤੇ ਇਹ ਉਲਟ ਗਈ। ਬੱਸ 'ਚ ਸਵਾਰ ਸਾਰੇ ਲੋਕ ਪੈਨਸ਼ਨ ਲੈਣ ਵਾਲੇ ਬਜ਼ੁਰਗ ਸਨ। ਕਿਹਾ ਜਾ ਰਿਹਾ ਹੈ ਕਿ ਭਾਰੀ ਧੁੰਦ ਕਾਰਨ ਇਹ ਹਾਦਸਾ ਹੋਇਆ ਹੋਵੇਗਾ।