12 ਸਾਲ ਦੀ ਉਮਰ 'ਚ ਇਹ ਬੱਚਾ ਵਜਾ ਲੈਂਦਾ ਹੈ 44 ਤਰ੍ਹਾਂ ਦੇ ਸੰਗੀਤ ਯੰਤਰ

11/18/2017 11:06:04 AM

ਐਲਕ ਗਰੋਵ(ਬਿਊਰੋ)—ਕੈਲੀਫੋਰਨੀਆ ਦਾ ਇਕ 12 ਸਾਲ ਦਾ ਸੰਗੀਤ ਪ੍ਰੇਮੀ ਬੱਚਾ ਇਨ੍ਹੀਂ ਦਿਨੀਂ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਸੈਕਸੋਫੋਨ ਤੋਂ ਲੈ ਕੇ ਸਰਸਵਤੀ ਵੀਣਾ ਸਮੇਤ 44 ਸੰਗੀਤ ਯੰਤਰ ਵਜਾਉਣ ਵਾਲਾ ਨੀਲ ਨਈਅਰ ਨਾਂ ਦਾ ਇਹ ਬੱਚਾ ਸੰਗੀਤ ਨੂੰ ਹੀ ਆਪਣੀ ਦੁਨੀਆ ਸਮਝਦਾ ਹੈ। ਕੈਲੀਫੋਰਨੀਆ ਦੇ ਸ਼ਹਿਰ ਐਲਕ ਗਰੋਵ ਦੇ ਦਾ ਰਹਿਣ ਵਾਲਾ ਨੀਲ ਆਪਣੀ ਸੰਗੀਤ ਅਕੈਡਮੀ ਵਿਚ ਹਰ ਰੋਜ਼ 6 ਘੰਟੇ ਰਿਆਜ਼ ਕਰਦਾ ਹੈ। ਅਕੈਡਮੀ ਵਿਚ ਉਨ੍ਹਾਂ ਦੇ ਸਾਥੀ ਕਾਲਾਕਾਰ ਉਸ ਨੂੰ ਉਤਸ਼ਾਹਿਤ ਕਰਦੇ ਹਨ ਅਤੇ ਸੰਗੀਤ ਯੰਤਰ ਖਰੀਦਣ ਵਿਚ ਮਦਦ ਵੀ ਕਰਦੇ ਹਨ।
ਉਹ ਸਾਰੇ ਚਾਹੁੰਦੇ ਹਨ ਕਿ ਨੀਲ 100 ਤਰ੍ਹਾਂ ਦੇ ਯੰਤਰ ਵਜਾਉਣੇ ਸਿੱਖੇ ਅਤੇ ਵਿਸ਼ਵ ਰਿਕਾਰਡ ਬਣਾਏ। ਇਹ ਇੱਛਾ ਨੀਲ ਦੀ ਵੀ ਹੈ। ਨੀਲ ਦੇ ਪਿਤਾ ਰਾਜਨ ਨਈਅਰ ਦਾ ਕਹਿਣਾ ਹੈ ਕਿ ਆਪਣੀ ਉਮਰ ਦੇ ਪਹਿਲੇ 4 ਸਾਲਾਂ ਵਿਚ ਨੀਲ ਨੂੰ ਸੰਗੀਤ ਵਿਚ ਕੋਈ ਦਿਲਚਸਪੀ ਨਹੀਂ ਸੀ ਪਰ ਜਦੋਂ ਉਹ 5 ਸਾਲ ਦਾ ਸੀ ਤਾਂ ਉਸ ਨੇ ਆਪਣੀ ਕਲਾਸ ਵਿਚ ਡਰੱਮ ਵਜਾਇਆ ਤਾਂ ਸਾਰੇ ਹੈਰਾਨ ਰਹਿ ਗਏ। ਉਸ ਤੋਂ ਬਾਅਦ ਉਨ੍ਹਾਂ ਨੇ ਨੀਲ ਨੂੰ ਬਕਾਇਦਾ ਸੰਗੀਤ ਦੀ ਸਿੱਖਿਆ ਦਿਵਾਉਣੀ ਸ਼ੁਰੂ ਕੀਤੀ, ਜਿਸ ਦੇ ਨਤੀਜੇ ਵਜੋਂ ਉਸ ਦੀ ਪ੍ਰਤਿਭਾ ਨਿਖਰਦੀ ਗਈ ਅਤੇ ਉਹ ਵੱਖ-ਵੱਖ ਸੰਗੀਤ ਯੰਤਰ ਵਜਾਉਣ ਵਿਚ ਨਿਪੁੰਨ ਹੁੰਦਾ ਗਿਆ।