12 ਹਜ਼ਾਰ ਸਾਲ ਪੁਰਾਣਾ ਇਹ ਸ਼ਹਿਰ ਡੁੱਬ ਜਾਵੇਗਾ ਪਾਣੀ ''ਚ, ਬੇਘਰ ਹੋ ਜਾਣਗੇ ਲੋਕ

08/29/2019 4:48:04 PM

ਅੰਕਾਰਾ (ਏਜੰਸੀ)- ਤੁਰਕੀ ਦਾ ਇਕ ਇਤਿਹਾਸਕ ਪ੍ਰਾਚੀਨ ਸ਼ਹਿਰ ਹਸਨਕੀਫ ਆਉਣ ਵਾਲੇ ਕੁਝ ਹਫਤਿਆਂ ਵਿਚ ਪਾਣੀ ਵਿਚ ਡੁੱਬ ਜਾਵੇਗਾ। ਹਜ਼ਾਰਾਂ ਦੀ ਆਬਾਦੀ ਨਾਲ ਰੌਸ਼ਨ ਇਹ ਸ਼ਹਿਰ ਤਬਾਹ ਹੋਣ ਵਾਲਾ ਹੈ। ਦਰਅਸਲ, ਇਥੇ ਇਲਸੁ ਬੰਨ੍ਹ ਬਣਾਉਣ ਕਾਰਨ 12 ਹਜ਼ਾਰ ਸਾਲ ਪੁਰਾਣਾ ਸ਼ਹਿਰ ਪੂਰੀ ਤਰ੍ਹਾਂ ਪਾਣੀ ਵਿਚ ਡੁੱਬ ਜਾਵੇਗਾ। ਸ਼ਹਿਰ ਦੀ 8 ਅਕਤੂਬਰ ਤੋਂ ਘੇਰਾਬੰਦੀ ਕਰ ਦਿੱਤੀ ਜਾਵੇਗੀ। ਸ਼ਹਿਰ ਦੇ ਬਾਸ਼ਿੰਦੇ ਸਰਕਾਰ ਦੇ ਇਸ ਫੈਸਲੇ ਨਾਲ ਗੁੱਸੇ ਵਿਚ ਹਨ ਅਤੇ ਉਨ੍ਹਾਂ ਕੋਲ ਘਰਾਂ ਨੂੰ ਖਾਲੀ ਕਰਨ ਲਈ ਸਿਰਫ ਇਕ ਮਹੀਨੇ ਦਾ ਸਮਾਂ ਹੀ ਬਚਿਆ ਹੈ। ਦੱਸਿਆ ਜਾ ਰਿਹਾ ਹੈ ਕਿ ਬੰਨ੍ਹ ਬਣਾਉਣ ਕਾਰਨ 80 ਹਜ਼ਾਰ ਤੋਂ ਜ਼ਿਆਦਾ ਲੋਕ ਬੇਘਰ ਹੋ ਜਾਣਗੇ।

ਦੱਖਣੀ ਤੁਰਕੀ ਵਿਚ ਟਿਗ੍ਰਿਸ ਨਦੀ ਕੰਢੇ ਬਸਿਆ ਇਹ ਸਹਿਰ ਮੇਸੋਪੋਟਾਮਿਆ ਦੀ ਸਭ ਤੋਂ ਪੁਰਾਣੀ ਬਸਤੀ ਵਿਚੋਂ ਇਕ ਹੈ। ਇਲਸੁ ਬੰਨ੍ਹ ਦੀ ਉਸਾਰੀ ਤੋਂ ਬਾਅਦ ਇਹ ਤੁਰਕੀ ਦਾ ਚੌਥਾ ਸਭ ਤੋਂ ਵੱਡਾ ਬੰਨ੍ਹ ਹੋਵੇਗਾ। ਇਹ ਪ੍ਰਾਜੈਕਟ ਬੀਤੇ ਕਈ ਸਾਲਾਂ ਤੋਂ ਵਿਵਾਦਾਂ ਵਿਚ ਘਿਰਿਆ ਹੋਇਆ ਹੈ ਅਤੇ ਇਸ ਦਾ ਕਾਫੀ ਵਿਰੋਧ ਵੀ ਹੋਇਆ ਸੀ। ਬੰਨ੍ਹ ਦੀ ਉਸਾਰੀ ਖੇਤਰ ਲਈ ਬਿਜਲੀ ਦਾ ਉਤਪਾਦਨ ਕਰਨ ਲਈ ਕੀਤਾ ਜਾ ਰਿਹਾ ਹੈ। ਇਤਿਹਾਸਕ ਤੌਰ 'ਤੇ ਇਥੇ ਕਈ ਮਹੱਤਵਪੂਰਨ ਥਾਵਾਂ ਹਨ, ਜਿਨ੍ਹਾਂ ਵਿਚ 12ਵੀਂ ਸ਼ਤਾਬਦੀ ਦਾ ਇਕ ਪੁਲ 15ਵੀਂ ਸ਼ਤਾਬਦੀ ਦਾ ਬੇਲਨਾਕਾਰ ਮਕਬਰਾ, ਦੋ ਮਸਜਿਦਾਂ ਦੇ ਖੰਡਰ ਅਤੇ ਸੈਂਕੜੇ ਕੁਦਰਤੀ ਗੁਫਾਵਾਂ ਹਨ। ਇਥੋਂ ਤੱਕ ਕਿ 600 ਸਾਲ ਪੁਰਾਣੀ ਇਕ ਮਸਜਿਦ ਨੂੰ ਦੂਜੀ ਥਾਂ ਟਰਾਂਸਫਰ ਕੀਤਾ ਗਿਆ ਹੈ।

ਤੁਰਕੀ ਦੇ ਵਿਦੇਸ਼ ਮੰਤਰਾਲੇ ਨੇ ਆਪਣੇ ਬਿਆਨ ਵਿਚ ਕਿਹਾ ਕਿ ਮੁੜ ਵਸੇਬੇ ਦੀ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਸ਼ਹਿਰ ਦੀਆਂ ਸੜਕਾਂ, ਘਰਾਂ ਅਤੇ ਇਤਿਹਾਸਕ ਥਾਵਾਂ ਨੂੰ ਦੁਬਾਰਾ ਬਣਾਇਆ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਬੰਨ੍ਹ ਦੇ ਬਣਨ ਨਾਲ ਸਥਾਨਕ ਲੋਕਾਂ ਨੂੰ ਕਈ ਤਰ੍ਹਾਂ ਦੇ ਆਰਥਿਕ ਅਤੇ ਵਾਤਾਵਰਣੀ ਫਾਇਦੇ ਹੋਣਗੇ। ਤੁਰਕੀ ਦੇ ਬੈਟਮੈਨ ਸੂਬੇ ਦੇ ਗਵਰਨਰ ਹੁਲੁਸੀ ਸਾਹਿਨ ਨੇ ਕਿਹਾ ਕਿ ਜਦੋਂ ਖੇਤਰ ਵਿਚ ਨਵੀਂ ਸੜਕ ਖੁੱਲ੍ਹ ਜਾਵੇਗੀ ਤਾਂ ਪ੍ਰਾਚੀਨ ਸ਼ਹਿਰ ਬੰਦ ਹੋ ਜਾਵੇਗਾ। ਇਸ ਤੋਂ ਬਾਅਦ ਪੁਰਾਣੀ ਬਸਤੀ ਵਿਚ ਕਿਸੇ ਵੀ ਤਰ੍ਹਾਂ ਦੀ ਕੋਈ ਆਵਾਜਾਈ ਨਹੀਂ ਹੋਵੇਗੀ ਅਤੇ ਇਸ ਨੂੰ ਪੂਰੀ ਤਰ੍ਹਾਂ ਨਾਲ ਸੁਰੱਖਿਆ ਘੇਰੇ ਵਿਚ ਲੈ ਲਿਆ ਜਾਵੇਗਾ।

ਇਸ ਤੋਂ ਬਾਅਦ ਸ਼ਹਿਰ ਵਿਚ ਆਉਣ-ਜਾਣ ਦੇ ਹਰ ਰਸਤੇ ਨੂੰ ਬੰਦ ਕਰ ਦਿੱਤਾ ਜਾਵੇਗਾ ਅਤੇ ਕਿਸੇ ਨੂੰ ਵੀ ਉਥੇ ਜਾਣ ਦੀ ਇਜਾਜ਼ਤ ਨਹੀਂ ਹੋਵੇਗੀ। ਸਮਾਂ ਸਾਡੇ ਹੱਥੋਂ ਨਿਕਲ ਰਿਹਾ ਹੈ ਅਤੇ ਅਸੀਂ ਆਪਣੇ ਕੰਮ ਪੂਰੇ ਕਰਨੇ ਹਨ। ਸ਼ਹਿਰ ਨੂੰ ਬਚਾਉਣ ਲਈ ਕਈ ਸਮੂਹਾਂ ਨੇ ਮੁਹਿੰਮ ਚਲਾਈ ਅਤੇ ਇਸ ਦਾ ਸਖ਼ਤ ਵਿਰੋਧ ਕੀਤਾ। ਬ੍ਰਿਟੇਨ ਸਣੇ ਦੁਨੀਆ ਦੇ ਕਈ ਦੇਸ਼ਾਂ ਨੇ ਇਲਸੁ ਬੰਨ੍ਹ ਬਣਾਉਣ ਲਈ ਆਪਣੀ ਹਮਾਇਤ 2001 ਵਿਚ ਵਾਪਸ ਲੈ ਲਈ ਸੀ। ਸਾਲ 2008 ਵਿਚ ਬੰਨ੍ਹ ਲਈ ਕਈ ਯੂਰਪੀ ਕੰਪਨੀਆਂ ਤੋਂ ਮਿਲਣ ਵਾਲਾ ਫੰਡ ਵੀ ਬੰਦ ਹੋ ਗਿਆ ਸੀ।


Sunny Mehra

Content Editor

Related News