ਮੈਕਸੀਕੋ ''ਚ ਵਾਪਰਿਆ ਸੜਕ ਹਾਦਸਾ, ਹੋਈ 11 ਲੋਕਾਂ ਦੀ ਮੌਤ

03/10/2019 9:02:23 AM

ਮੈਕਸੀਕੋ, (ਏਜੰਸੀ)— ਮੈਕਸੀਕੋ 'ਚ ਗੁਆਨਾਜੁਆਤੋ ਸੂਬੇ ਦੇ ਪੇਂਜਾਮੋ ਇਲਾਕੇ 'ਚ ਸ਼ਨੀਵਾਰ ਨੂੰ ਵਾਪਰੀ ਇਕ ਸੜਕ ਦੁਰਘਟਨਾ 'ਚ ਘੱਟ ਤੋਂ ਘੱਟ 11 ਲੋਕਾਂ ਦੀ ਮੌਤ ਹੋ ਗਈ। ਸਥਾਨਕ ਅਧਿਕਾਰੀਆਂ ਨੇ ਇਸ ਸਬੰਧੀ ਜਾਣਕਾਰੀ ਦਿੱਤੀ। ਪੇਂਜਾਮੋ ਦੇ ਨਾਗਰਿਕ ਸੁਰੱਖਿਆ ਅਧਿਕਾਰੀਆਂ ਮੁਤਾਬਕ ਸ਼ਹਿਰ ਨੂੰ ਲਾ ਪੇਈਡਾਡ ਸਿਟੀ ਨਾਲ ਜੋੜਨ ਵਾਲੇ ਹਾਈਵੇਅ-90 'ਤੇ ਇਕ ਟ੍ਰੈਕਟਰ ਨੇ ਟਰੱਕ ਨੂੰ ਟੱਕਰ ਮਾਰੀ। ਰਿਪੋਰਟ ਮੁਤਾਬਕ ਟੱਕਰ ਕਾਰਨ ਟਰੱਕ 'ਚ ਸਵਾਰ 10 ਲੋਕਾਂ ਦੀ ਮੌਤ ਮੌਕੇ 'ਤੇ ਹੀ ਹੋ ਗਈ ਅਤੇ ਇਕ ਹੋਰ ਵਿਅਕਤੀ ਨੇ ਹਸਪਤਾਲ ਜਾਂਦਿਆਂ ਦਮ ਤੋੜ ਦਿੱਤਾ।

ਐਮਰਜੈਂਸੀ ਅਧਿਕਾਰੀਆਂ ਨੇ ਬੁਰੀ ਤਰ੍ਹਾਂ ਟੁੱਟ ਚੁੱਕੇ ਵਾਹਨਾਂ 'ਚੋਂ ਲੋਕਾਂ ਨੂੰ ਕਾਫੀ ਮੁਸ਼ਕਲ ਨਾਲ ਬਾਹਰ ਕੱਢਿਆ। ਸ਼ੁਰੂਆਤੀ ਜਾਂਚ 'ਚ ਪਤਾ ਲੱਗਾ ਹੈ ਕਿ ਇਸ ਦੁਰਘਟਨਾ 'ਚ ਮਾਰੇ ਗਏ ਲੋਕ ਇਕ-ਦੂਜੇ ਦੇ ਰਿਸ਼ਤੇਦਾਰ ਸਨ। ਸਥਾਨਕ ਸਮੇਂ ਮੁਤਾਬਕ ਤੜਕੇ 1.30 ਵਜੇ ਇਹ ਹਾਦਸਾ ਵਾਪਰਿਆ ਅਤੇ ਐਮਰਜੈਂਸੀ ਅਧਿਕਾਰੀਆਂ ਨੂੰ ਸੱਦਿਆ ਗਿਆ। ਪੁਲਸ ਅਤੇ ਸੂਬੇ ਦੇ ਅਧਿਕਾਰੀ ਘਟਨਾ ਵਾਲੇ ਸਥਾਨ ਦੀ ਜਾਂਚ ਕਰ ਰਹੇ ਹਨ ਤਾਂ ਕਿ ਪਤਾ ਲੱਗ ਸਕੇ ਕਿ ਹਾਦਸਾ ਕਿਵੇਂ ਵਾਪਾਰਿਆ।